ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਖ਼ਬਰਾਂ 'ਤੇ ਕੈਪਟਨ ਨੇ ਕਿਹਾ, ‘ਮੈਨੂੰ ਇਸ ਬਾਰੇ ਕੁਝ ਨਹੀਂ ਪਤਾ’

ਨਵੀਂ ਦਿੱਲੀ, 02 ਫਰਵਰੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਸ਼ਟਰ ਦਾ ਰਾਜਪਾਲ ਬਣਾਏ ਜਾਣ ਦੀਆਂ ਖ਼ਬਰਾਂ 'ਤੇ ਬਿਆਨ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ, “ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਇਸ ਬਾਰੇ ਮੇਰੇ ਨਾਲ ਕਿਸੇ ਨੇ ਗੱਲ ਨਹੀਂ ਕੀਤੀ। ਇਹ ਕਿਆਸਅਰਾਈਆਂ ਹਨ, ਇਸ ਸਬੰਧੀ ਮੇਰੇ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ। ਮੈਂ ਪਹਿਲਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਸੀ ਕਿ ਮੈਂ ਉਹਨਾਂ ਦੇ ਨਾਲ ਹਾਂ। ਉਹ ਜਿੱਥੇ ਚਾਹੁਣਗੇ, ਮੈਂ ਰਹਾਂਗਾ”। ਦੂਜੇ ਪਾਸੇ ਆਮ ਚੋਣਾਂ ਲੜਨ ਦੇ ਸਵਾਲ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਨਵਾਂ ਰਾਜਪਾਲ ਬਣਾਉਣ ਦੀ ਚਰਚਾ ਪਿਛਲੇ ਇਕ ਹਫ਼ਤੇ ਤੋਂ ਚੱਲ ਰਹੀ ਹੈ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਇੱਛਾ ਜਤਾਈ ਹੈ।