ਨੇਵੀ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਜਹਾਜ਼ ’ਚੋਂ ਲਗਪਗ 12 ਹਜ਼ਾਰ ਕਰੋੜ ਦਾ ਲਗਪਗ 25 ਸੌ ਕਿੱਲੋ ਨਸ਼ੀਲਾ ਪਦਾਰਥ ਮੈਥਾਮਫੇਟਾਮਾਈਨ ਕੀਤਾ ਜ਼ਬਤ 

ਕੇਰਲ, 13 ਮਈ : ਨੇਵੀ ਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸਾਂਝੀ ਮੁਹਿੰਮ ਦੌਰਾਨ ਕੇਰਲ ਤਟ ਨੇੜੇ ਭਾਰਤੀ ਜਲ ਖੇਤਰ ’ਚ ਇਕ ਜਹਾਜ਼ ’ਚੋਂ ਲਗਪਗ 12 ਹਜ਼ਾਰ ਕਰੋੜ ਰੁਪਏ ਦਾ ਲਗਪਗ 25 ਸੌ ਕਿੱਲੋ ਨਸ਼ੀਲਾ ਪਦਾਰਥ ਮੈਥਾਮਫੇਟਾਮਾਈਨ ਜ਼ਬਤ ਕੀਤਾ ਹੈ। ਇਹ ਦੇਸ਼ ’ਚ ਮੈਥਾਮਫੇਟਾਮਾਈਨ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਇਸ ਮਾਮਲੇ ਵਿਚ ਇਕ ਪਾਕਿਸਤਾਨੀ ਨਾਗਰਿਕ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਐੱਨਸੀਬੀ ਦੇ ਉਪ ਮਹਾਨਿਰਦੇਸ਼ਕ (ਆਪ੍ਰੇਸ਼ਨ) ਸੰਜੇ ਕੁਮਾਰ ਸਿੰਘ ਨੇ ਸ਼ਨਿਚਨਰਵਾਰ ਨੂੰ ਕਿਹਾ ਕਿ ਇਹ ਕਾਰਵਾਈ ‘ਆਪ੍ਰੇਸ਼ਨ ਸਮੁੰਦਰਗੁਪਤ’ ਤਹਿਤ ਕੀਤੀ ਗਈ। ‘ਆਪ੍ਰੇਸ਼ਨ ਸਮੁੰਦਰਗੁਪਤ’ ਤਹਿਤ ਅਫਗਾਨਿਸਤਾਨ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਦੀ ਸਮੁੰਦਰੀ ਤਸਕਰੀ ’ਤੇ ਲਗਾਮ ਕੱੱਸਿਆ ਜਾਂਦਾ ਹੈ। ਮੁਹਿੰਮ ਤਹਿਤ ਹਾਲੇ ਤਕ ਲਗਪਗ 3200 ਕਿੱਲੋ ਮੈਥਾਮਫੇਟਾਮਾਈਨ, 500 ਕਿੱਲੋ ਹੈਰੋਇਨ ਅਤੇ 529 ਕਿੱਲੋ ਹਸ਼ੀਸ਼ ਜ਼ਬਤ ਕੀਤੀ ਗਈ ਹੈ। ਐੱਨਸੀਬੀ ਨੇ ਨੇਵੀ ਨਾਲ ਸਾਂਝੀ ਮੁਹਿੰਮ ਵਿਚ ‘ਮਦਰਸ਼ਿਪ’ ਤੋਂ ਉਪਰੋਕਤ ਨਸ਼ੀਲਾ ਪਦਾਰਥ ਬਰਾਮਦ ਕੀਤਾ। ਇਹ ਖੇਪ ਪਾਕਿਸਤਾਨ ਤੋਂ ਭਾਰਤ, ਸ੍ਰੀਲੰਕਾ ਅਤੇ ਮਾਲਦੀਵ ਲਈ ਸੀ। ‘ਮਦਰਸ਼ਿਪ’ ਵੱਡਾ ਜਹਾਜ਼ ਹੁੰਦਾ ਹੈ ਜੋ ਕਿ ਪਾਕਿਸਤਾਨ ਅਤੇ ਈਰਾਨ ਦੇ ਆਸ-ਪਾਸ ਮਕਰਾਨ ਤਟ ਤੋਂ ਆਪਣੀ ਯਾਤਰਾ ਦੌਰਾਨ ਵੱਖ-ਵੱਖ ਕਿਸ਼ਤੀਆਂ ਨੂੰ ਨਸ਼ੀਲਾ ਪਦਾਰਥ ਵੰਡਦਾ ਹੈ। ਨੇਵੀ ਨੇ ਮੈਥਾਮਫੇਟਾਮਾਈਨ ਦੇ 134 ਬੋਰੇ, ਪਾਕਿਸਤਾਨੀ ਨਾਗਰਿਕ, ਕਿਸ਼ਤੀ ਅਤੇ ਕੁਝ ਹੋਰ ਵਸਤੂਆਂ ਨੂੰ ਕੇਰਲ ਦੇ ਕੋਚੀ ’ਚ ਮਟਨਚੇਰੀ ਘਾਟ ’ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਸੌਂਪ ਦਿੱਤਾ। ਅਹਿਮਦਾਬਾਦ : ਗੁਜਰਾਤ ਐਂਟੀ ਟੈਰੋਰਿਸਟ ਸਕਵਾਡ (ਏਟੀਐੱਸ) ਨੇ ਸ਼ਨਿਚਰਵਾਰ ਨੂੰ ਕਿਹਾ ਕਿ ਰਾਜਕੋਟ ਜ਼ਿਲ੍ਹੇ ਤੋਂ 214.6 ਕਰੋੜ ਰੁਪਏ ਮੁੱਲ ਦੀ 31 ਕਿੱਲੋ ਹੈਰੋਇਨ ਜ਼ਬਤ ਕਰਨ ਦੇ ਮਾਮਲੇ ਵਿਚ ਗਿ੍ਰਫਤਾਰ ਨਾਈਜੀਰੀਆਈ ਨਾਗਰਿਕ ਪਾਕਿਸਤਾਨ ਦੇ ਹੈਂਡਲਰ ਦੇ ਸੰਪਰਕ ਵਿਚ ਸੀ। ਇਹ ਖੇਪ ਗੁਜਰਾਤ ਤਟ ਦੇ ਰਸਤੇ ਭਾਰਤ ਭੇਜੀ ਗਈ ਸੀ। ਗੁਜਰਾਤ ਏਟੀਐੱਸ ਦੇ ਐੱਸਪੀ ਸੁਨੀਲ ਜੋਸ਼ੀ ਨੇ ਕਿਹਾ ਕਿ ਨਾਈਜੀਰੀਆਈ ਐਕਵੁਨਿਫ ਨਵਾਗਬੋ ਨੂੰ ਗੁਜਰਾਤ ਏਟੀਸਐੱਸ, ਸੂਰਤ ਅਪਰਾਧ ਸ਼ਾਖਾ ਅਤੇ ਦਿੱਲੀ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਾਂਝੀ ਟੀਮ ਨੇ ਨਵੀਂ ਦਿੱਲੀ ਦੇ ਉੱਤਮ ਨਗਰ ’ਚ ਉਸ ਦੇ ਕਿਰਾਏ ਦੇ ਅਪਾਰਟਮੈਂਟ ਤੋਂ ਗਿ੍ਰਫਤਾਰ ਕੀਤਾ ਸੀ।