ਰਾਜਸਥਾਨ ਦੀ ਨੰਦਿਨੀ ਗੁਪਤਾ ਨੇ ਜਿੱਤਿਆ ਮਿਸ ਇੰਡੀਆ 2023 ਦਾ ਤਾਜ

ਨਵੀਂ ਦਿੱਲੀ, 16 ਅਪ੍ਰੈਲ : ਰਾਜਸਥਾਨ ਦੀ ਨੰਦਿਨੀ ਗੁਪਤਾ ਨੇ ਫੈਮਿਨਾ ਮਿਸ ਇੰਡੀਆ 2023 ਦਾ ਖ਼ਿਤਾਬ ਜਿੱਤ ਲਿਆ ਹੈ, ਜਿਸ ਦੇ ਨਾਲ ਉਹ ਦੇਸ਼ ਦੀ 59ਵੀਂ ਮਿਸ ਇੰਡੀਆ ਚੁਣੀ ਗਈ ਹੈ। ਇਸਦੇ ਨਾਲ ਹੀ ਸ਼੍ਰੇਆ ਪੂੰਜਾ ਪਹਿਲੀ ਰਨਰ-ਅੱਪ ਬਣੀ, ਜਦਕਿ ਸਟ੍ਰੇਲਾ ਥੌਨਾ ਓਜ਼ਮ ਲੁਵਾਂਗ ਨੂੰ ਸੈਕਿੰਡ ਰਨਰ-ਅੱਪ ਐਲਾਨਿਆ ਗਿਆ। ਸਾਬਕਾ ਮਿਸ ਇੰਡੀਆ ਸਿਨੀ ਸ਼ੈਟੀ ਨੇ ਨੰਦਿਨੀ ਗੁਪਤਾ ਨੂੰ ਇਹ ਤਾਜ ਪਹਿਨਾਇਆ। ਇਸ ਸਾਲ ਮਨੀਪੁਰ 'ਚ 'ਫੇਮਿਨਾ ਮਿਸ ਇੰਡੀਆ 2023' ਦਾ ਕਰਵਾਇਆ ਗਿਆ, ਜਿਸ 'ਚ ਦੇਸ਼ ਭਰ ਦੀਆਂ ਕੁੜੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ 30 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਲੜਕੀਆਂ ਨੇ ਭਾਗ ਲਿਆ ਸੀ। ਦੱਸ ਦਈਏ ਕਿ ਨੰਦਿਨੀ ਸਿਰਫ 19 ਸਾਲ ਦੀ ਹੈ। ਮਿਸ ਇੰਡੀਆ ਦਾ ਤਾਜ ਜਿੱਤਣ ਤੋਂ ਬਾਅਦ, ਨੰਦਿਨੀ ਹੁਣ ਮਿਸ ਵਰਲਡ ਬਿਊਟੀ ਪੇਜੇਂਟ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਨੰਦਿਨੀ ਗੁਪਤਾ ਰਾਜਸਥਾਨ ਦੇ ਕੋਟਾ ਦੀ ਰਹਿਣ ਵਾਲੀ ਹੈ, ਉਨ੍ਹਾਂ ਨੇ ਬਿਜ਼ਨਸ ਮੈਨੇਜਮੈਂਟ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਇਸ ਤੋਂ ਇਲਾਵਾ ਉਹ 'ਫੇਮਿਨਾ ਮਿਸ ਇੰਡੀਆ ਰਾਜਸਥਾਨ' ਵੀ ਰਹਿ ਚੁੱਕੀ ਹੈ।