"ਮੇਰਾ ਧਰਮ ਸੱਚ ਅਤੇ ਅਹਿੰਸਾ 'ਤੇ ਅਧਾਰਤ ਹੈ : ਰਾਹੁਲ ਗਾਂਧੀ 

  • ਅਸੀਂ ਕਾਨੂੰਨ ਦੇ ਤਹਿਤ ਲੜਾਂਗੇ : ਮੱਲਿਕਾਰਜੁਨ ਖੜਗੇ
  • ਸਵਾਲ ਪੁੱਛਣਾ ਜਨਤਾ ਅਤੇ ਵਿਰੋਧੀ ਧਿਰ ਦਾ ਕੰਮ ਹੈ : ਕੇਜਰੀਵਾਲ

ਨਵੀਂ ਦਿੱਲੀ, 23 ਮਾਰਚ : ਗੁਜਰਾਤ ਦੀ ਸੂਰਤ ਸੈਸ਼ਨ ਕੋਰਟ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ 2019 'ਮੋਦੀ ਸਰਨੇਮ' ਟਿੱਪਣੀ ਲਈ ਦੋਸ਼ੀ ਠਹਿਰਾਉਂਦੇ ਹੋਏ 2 ਸਾਲ ਦੀ ਸਜ਼ਾ ਸੁਣਾਈ। ਦੱਸ ਦੇਈਏ ਕਿ 2 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਰਾਹੁਲ ਗਾਂਧੀ ਨੂੰ ਸੂਰਤ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। "ਮੇਰਾ ਧਰਮ ਸੱਚ ਅਤੇ ਅਹਿੰਸਾ 'ਤੇ ਅਧਾਰਤ ਹੈ," ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਥਿਤ ਮੋਦੀ ਉਪਨਾਮ ਵਾਲੀ ਟਿੱਪਣੀ ਨੂੰ ਲੈ ਕੇ ਆਪਣੇ ਖਿਲਾਫ ਦਾਇਰ ਅਪਰਾਧਿਕ ਮਾਣਹਾਨੀ ਦੇ ਕੇਸ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਟਵੀਟ ਕੀਤਾ। ਸੱਚ ਮੇਰਾ ਰੱਬ ਹੈ, ਅਹਿੰਸਾ ਇਸ ਦੀ ਪ੍ਰਾਪਤੀ ਦਾ ਸਾਧਨ ਹੈ - ਮਹਾਤਮਾ ਗਾਂਧੀ। 

ਅਸੀਂ ਕਾਨੂੰਨ ਦੇ ਤਹਿਤ ਲੜਾਂਗੇ : ਮੱਲਿਕਾਰਜੁਨ ਖੜਗੇ
ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਰਾਹੁਲ ਗਾਂਧੀ ਨੂੰ ਸੂਰਤ ਜ਼ਿਲ੍ਹਾ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ 'ਤੇ ਕਿਹਾ ਕਿ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਇਹ (ਭਾਜਪਾ) ਲੋਕ ਪਹਿਲੇ ਜੱਜ ਨੂੰ ਬਦਲਦੇ ਰਹੇ, ਅਸੀਂ ਅੰਦਾਜ਼ਾ ਲਗਾ ਰਹੇ ਸੀ ਪਰ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਲੋਕ ਹਾਂ। ਅਸੀਂ ਕਾਨੂੰਨ ਅਨੁਸਾਰ ਲੜਾਂਗੇ।

ਸਵਾਲ ਪੁੱਛਣਾ ਜਨਤਾ ਅਤੇ ਵਿਰੋਧੀ ਧਿਰ ਦਾ ਕੰਮ ਹੈ : ਕੇਜਰੀਵਾਲ
ਇਸ ਮਾਮਲੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੈਰ-ਭਾਜਪਾ ਨੇਤਾਵਾਂ ਅਤੇ ਪਾਰਟੀਆਂ 'ਤੇ ਮੁਕੱਦਮੇ ਚਲਾ ਕੇ ਉਨ੍ਹਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ। ਕਾਂਗਰਸ ਨਾਲ ਸਾਡੇ ਮਤਭੇਦ ਹਨ ਪਰ ਰਾਹੁਲ ਗਾਂਧੀ ਨੂੰ ਇਸ ਤਰ੍ਹਾਂ ਮਾਣਹਾਨੀ ਦੇ ਕੇਸ ਵਿੱਚ ਫਸਾਉਣਾ ਠੀਕ ਨਹੀਂ ਹੈ। ਸਵਾਲ ਪੁੱਛਣਾ ਜਨਤਾ ਅਤੇ ਵਿਰੋਧੀ ਧਿਰ ਦਾ ਕੰਮ ਹੈ। ਅਸੀਂ ਅਦਾਲਤ ਦਾ ਸਨਮਾਨ ਕਰਦੇ ਹਾਂ ਪਰ ਫੈਸਲੇ ਨਾਲ ਅਸਹਿਮਤ ਹਾਂ।

ਰਾਹੁਲ ਗਾਂਧੀ ਕੋਲ ਕਿਹੜੇ ਵਿਕਲਪ ਹਨ?

ਰਾਹੁਲ ਗਾਂਧੀ ਨੂੰ ਜ਼ਮਾਨਤ ਦਿੰਦੇ ਹੋਏ ਸੂਰਤ ਦੀ ਅਦਾਲਤ ਨੇ 30 ਦਿਨਾਂ ਲਈ ਸਜ਼ਾ ਮੁਅੱਤਲ ਕਰ ਦਿੱਤੀ ਹੈ। ਯਾਨੀ ਉਨ੍ਹਾਂ ਨੂੰ ਉੱਚ ਅਦਾਲਤ ਵਿੱਚ ਅਰਜ਼ੀ ਦਾਇਰ ਕਰਨ ਲਈ ਅਦਾਲਤ ਤੋਂ ਸਮਾਂ ਮਿਲਿਆ ਹੈ। ਰਾਹੁਲ ਸਜ਼ਾ ਵਿਰੁੱਧ ਅਪੀਲ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਨੂੰ 30 ਦਿਨਾਂ ਦੇ ਅੰਦਰ ਅਦਾਲਤ 'ਚ ਪਟੀਸ਼ਨ ਦਾਇਰ ਕਰਨੀ ਹੋਵੇਗੀ।