ਈਦ ਮਨਾਉਣ ਜਾ ਰਹੇ ਮੋਟਰਸਾਈਕਲ ਸਵਾਰਾਂ ਨੂੰ ਡੰਪਰ ਨੇ ਮਾਰੀ ਜਬਰਦਸਤ ਟੱਕਰ, 5 ਲੋਕਾਂ ਦੀ ਮੌਤ

ਪੀਲੀਭੀਤ, 11 ਅਪ੍ਰੈਲ : ਉੱਤਰ ਪ੍ਰਦੇਸ਼ ਦੇ ਜਿਲ੍ਹਾ ਪੀਲੀਭੀਤ ਵਿੱਚ ਦੋ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਈਦ ਮਨਾਉਣ ਲਈ ਜਾ ਰਹੇ ਪੰਜ ਲੋਕਾਂ ਨੂੰ ਇੱਕ ਤੇਜ ਰਫਤਾਰ ਡੰਪਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੌਰਾਨ ਹਾਦਸੇ ਤੋਂ ਬਾਅਦ ਡੰਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਪੀਲੀਭੀਤ-ਹਰਿਦੁਆਰ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਪੁਲਸ ਮੌਕੇ 'ਤੇ ਪਹੁੰਚ ਗਈ। ਕਿਸੇ ਤਰ੍ਹਾਂ ਲੋਕਾਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਇਆ ਗਿਆ। ਫਿਲਹਾਲ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਜਹਾਨਾਬਾਦ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਨਿਸਰਾ ਨੇੜੇ ਵਾਪਰਿਆ। ਜਿੱਥੇ ਅਮਰੀਆ ਵੱਲੋਂ ਆ ਰਹੇ ਇੱਕ ਤੇਜ਼ ਰਫ਼ਤਾਰ ਡੰਪਰ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ। ਮ੍ਰਿਤਕਾਂ 'ਚ 21 ਸਾਲਾ ਆਕਿਬ, 25 ਸਾਲਾ ਸ਼ਾਹਿਬ, 26 ਸਾਲਾ ਅਰਬਾਜ਼ ਅਤੇ ਪਤੀ-ਪਤਨੀ (ਓਵੈਸ ਤੇ ਸਾਕਰਾ) ਸ਼ਾਮਲ ਹਨ। ਦੱਸ ਦਈਏ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਆਸਪਾਸ ਦੇ ਲੋਕਾਂ ਨੂੰ ਮੌਕੇ 'ਤੇ ਭਾਰੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਹਾਈਵੇਅ ’ਤੇ ਜਾਮ ਲਾ ਕੇ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਦੀ ਮੰਗ ਸੀ ਕਿ ਹਾਦਸੇ ਦਾ ਕਾਰਨ ਬਣਨ ਵਾਲੇ ਵਾਹਨ ਨੂੰ ਤੁਰੰਤ ਫੜਿਆ ਜਾਵੇ। ਜਿਸ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ 'ਤੇ ਸਵਾਰ ਤਿੰਨੋਂ ਨੌਜਵਾਨ ਈਦ ਦੀ ਨਮਾਜ਼ ਅਦਾ ਕਰਨ ਜਾ ਰਹੇ ਸਨ, ਜਦਕਿ ਦੂਸਰਾ ਜੋੜਾ ਵੀ ਈਦ ਮਨਾਉਣ ਜਾ ਰਿਹਾ ਸੀ। ਇਸ ਦੌਰਾਨ ਡੰਪਰ ਨੇ ਉਸ ਨੂੰ ਕੁਚਲ ਦਿੱਤਾ। ਐਸਪੀ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।