ਮੌਸਮ ਵਿਭਾਗ ਨੇ ਆਉਣ ਵਾਲੇ ਤਿੰਨ ਦਿਨਾਂ ’ਚ ਮੀਂਹ ਪੈ ਸਕਦਾ ਹੈ।

ਨਵੀਂ ਦਿੱਲੀ, 19 ਫਰਵਰੀ : ਇੱਕ ਪਾਸੇ ਜਿੱਥੇ ਪਹਾੜੀ ਇਲਾਕਿਆਂ ਚ ਬਰਫਬਾਰੀ ਅਤੇ ਮੀਂਹ ਦਾ ਸਿਲਸਿਲਾ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਮੈਦਾਨੀ ਇਲਾਕਿਆਂ ’ਚ ਤਾਪਮਾਨ ’ਚ ਲਗਾਤਾਰ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਜਿਸ ਕਾਰਨ ਫਰਵਰੀ ਦੇ ਮਹੀਨੇ ’ਚ ਹੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਹਾਲਾਂਕਿ ਪੰਜਾਬ ’ਚ ਸਵੇਰ ਦੇ ਸਮੇਂ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਤਿੰਨ ਦਿਨਾਂ ’ਚ ਪੱਛਮੀ ਗੜਬੜੀ ਸਰਗਰਮ ਹੋਵੇਗੀ, ਜਿਸ ਕਾਰਨ ਹਲਕੀ ਬਾਰਿਸ਼ ਹੋਵੇਗੀ। ਇਸ ਨਾਲ ਆਉਣ ਵਾਲੇ ਦਿਨਾਂ ਵਿਚ ਗਰਮੀ ਉਤੇ ਕੋਈ ਅਸਰ ਨਹੀਂ ਪਵੇਗਾ। ਮੌਸਮ ਵਿਗਿਆਨੀਆਂ ਅਨੁਸਾਰ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਸਿੱਕਮ 'ਚ ਆਉਣ ਵਾਲੇ ਤਿੰਨ ਦਿਨਾਂ ਤੱਕ ਹਲਕਾ ਮੀਂਹ ਪੈ ਸਕਦਾ ਹੈ। ਪਿਛਲੇ ਕੁਝ ਸਾਲਾਂ ਤੋਂ ਠੰਢ ਦਾ ਸੀਜ਼ਨ ਛੋਟਾ ਹੁੰਦਾ ਜਾ ਰਿਹਾ ਹੈ। ਪਹਿਲਾਂ ਹੋਲੀ ਦੇ ਤਿਉਹਾਰ ਮੌਕੇ ਠੰਢ ਦਾ ਅਹਿਸਾਸ ਹੁੰਦਾ ਸੀ ਪਰ ਇਸ ਵਾਰ ਹੋਲੀ ਉਤੇ ਗਰਮੀ ਪੈਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਫਰਵਰੀ ਦਾ ਔਸਤ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਸੈਲਸੀਅਸ ਅਤੇ ਮਾਰਚ ਦਾ 29.6 ਡਿਗਰੀ ਸੈਲਸੀਅਸ ਹੈ ਪਰ ਇਸ ਵਾਰ ਫਰਵਰੀ ਦੇ ਤੀਜੇ ਹਫ਼ਤੇ ਹੀ ਇਹ 29 ਡਿਗਰੀ ਨੂੰ ਪਾਰ ਕਰ ਗਿਆ ਹੈ। 28 ਫਰਵਰੀ ਤੱਕ ਇਹ 32 ਡਿਗਰੀ ਸੈਲਸੀਅਸ ਨੂੰ ਛੂਹ ਜਾਵੇਗਾ।