ਹਰਦਾ ਦੀ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, ਹੁਣ ਤੱਕ 12 ਦੀ ਮੌਤ, 60 ਝੁਲਸੇ 

ਹਰਦਾ, 6 ਫਰਵਰੀ : ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ਤੋਂ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਅਚਾਨਕ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ਹਿਰ ਦੇ ਮਗਰਧਾ ਰੋਡ 'ਤੇ ਸਥਿਤ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਮੰਗਲਵਾਰ ਸਵੇਰੇ ਹੋਏ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਫੈਕਟਰੀ 'ਚ ਪਟਾਕਿਆਂ ਲਈ ਰੱਖੇ ਬਾਰੂਦ ਨੂੰ ਜਿਵੇਂ ਹੀ ਅੱਗ ਲੱਗੀ ਤਾਂ ਤੇਜ਼ ਧਮਾਕਿਆਂ ਨਾਲ ਕਰੀਬ 20 ਕਿਲੋਮੀਟਰ ਤੱਕ ਲੋਕਾਂ ਦੇ ਘਰ ਹਿੱਲ ਗਏ। ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫੈਕਟਰੀ 'ਚ 500 ਤੋਂ 700 ਲੋਕ ਕੰਮ ਕਰਦੇ ਸਨ। ਇਸ ਧਮਾਕੇ ਦੌਰਾਨ 60 ਤੋਂ ਜ਼ਿਆਦਾ ਲੋਕ ਅੱਗ ਨਾਲ ਝੁਲਸ ਗਏ ਹਨ ਅਤੇ ਸੈਂਕੜੇ ਲੋਕ ਅੰਦਰ ਫਸੇ ਹੋਣ ਦੀ ਸ਼ੰਕਾ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਜ਼ੋਰਦਾਰ ਧਮਾਕੇ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕ ਇਧਰ-ਉਧਰ ਭੱਜਦੇ ਨਜ਼ਰ ਆਏ। ਫੈਕਟਰੀ 'ਚੋਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਦੂਰੋਂ ਹੀ ਦੇਖਿਆ ਜਾ ਸਕਦਾ ਹੈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਉੱਥੇ ਹੀ ਇਸ ਘਟਨਾ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਹਰਦਾ 'ਚ ਅੱਗ ਲੱਗਣ ਦੀ ਘਟਨਾ ਬਾਰੇ ਸੀਨੀਅਰ ਅਧਿਕਾਰੀਆਂ ਤੋਂ ਜਾਣਕਾਰੀ ਲਈ ਹੈ। ਮੁੱਖ ਮੰਤਰੀ ਨੇ ਘਟਨਾ ਦੀ ਸਥਿਤੀ ਨੂੰ ਸਮਝਣ ਲਈ ਅਹਿਮ ਮੀਟਿੰਗ ਬੁਲਾਈ ਹੈ। ਇੰਦੌਰ ਅਤੇ ਭੋਪਾਲ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਜਾ ਰਹੀਆਂ ਹਨ। ਰਾਹਤ ਕਾਰਜਾਂ ਲਈ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਪਟਾਕੇ ਬਣਾਉਣ ਵਾਲੀ ਫੈਕਟਰੀ ਪੂਰੀ ਤਰ੍ਹਾਂ ਤਬਾਹ ਹੋ ਗਈ। ਅੱਗ ਲੱਗਣ ਤੋਂ ਬਾਅਦ ਆਸ-ਪਾਸ ਦੇ ਲੋਕ ਭੱਜਦੇ ਦੇਖੇ ਗਏ। ਸਥਾਨਕ ਲੋਕਾਂ ਮੁਤਾਬਕ ਧਮਾਕੇ ਦੇ ਸਮੇਂ ਪਟਾਕਾ ਫੈਕਟਰੀ 'ਚ ਕਰੀਬ 500 ਲੋਕ ਮੌਜੂਦ ਸਨ। ਫੈਕਟਰੀ ਵਿੱਚ ਮੌਜੂਦ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਐਂਬੂਲੈਂਸਾਂ ਸਮੇਤ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਗੱਡੀਆਂ ਦੀ ਮਦਦ ਨਾਲ ਜ਼ਖ਼ਮੀਆਂ ਅਤੇ ਮ੍ਰਿਤਕਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਪਟਾਕਾ ਫੈਕਟਰੀ ਦੇ ਲਗਭਗ 1 ਕਿਲੋਮੀਟਰ ਦੇ ਘੇਰੇ ਅੰਦਰ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।