ਮਣੀਪੁਰ ਨੂੰ ਸਾੜ ਦਿੱਤਾ ਗਿਆ, ਯੂਰਪੀ ਸੰਘ ਦੀ ਸੰਸਦ 'ਚ ਚਰਚਾ ਹੋਈ, ਪਰ ਪ੍ਰਧਾਨ ਮੰਤਰੀ ਨੇ ਇਕ ਸ਼ਬਦ ਨਹੀਂ ਕਿਹਾ : ਰਾਹੁਲ ਗਾਂਧੀ

ਨਵੀਂ ਦਿੱਲੀ, 15 ਜੁਲਾਈ : ਪੀਐੱਮ ਮੋਦੀ ਦੇ ਫਰਾਂਸ ਦੌਰੇ ਦੀ ਕਾਫ਼ੀ ਚਰਚਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨੂੰ ਫਰਾਂਸ ਦਾ ਸਰਵਉੱਚ ਸਨਮਾਨ 'ਲੀਜਨ ਆਫ਼ ਆਨਰ' ਦਿੱਤਾ ਗਿਆ ਅਤੇ ਉਹ ਬੈਸਟੀਲ ਡੇ ਪਰੇਡ 'ਤੇ ਮੁੱਖ ਮਹਿਮਾਨ ਵੀ ਬਣੇ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਫਰਾਂਸ ਦੌਰੇ 'ਤੇ ਤਨਜ਼ ਕੱਸਿਆ। ਰਾਹੁਲ ਗਾਂਧੀ ਨੇ ਪੀਐੱਮ ਮੋਦੀ ਦੇ ਫਰਾਂਸ ਦੌਰੇ 'ਤੇ ਕੱਸਦਿਆਂ ਕਿਹਾ - ਮਣੀਪੁਰ ਨੂੰ ਸਾੜ ਦਿੱਤਾ ਗਿਆ, ਭਾਰਤ ਦੇ ਅੰਦਰੂਨੀ ਮਾਮਲੇ 'ਤੇ ਯੂਰਪੀ ਸੰਘ ਦੀ ਸੰਸਦ 'ਚ ਚਰਚਾ ਹੋਈ ਪਰ ਪ੍ਰਧਾਨ ਮੰਤਰੀ ਨੇ ਇਸ 'ਤੇ ਇਕ ਸ਼ਬਦ ਨਹੀਂ ਕਿਹਾ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਵੀ ਇਸ ਮੁੱਦੇ 'ਤੇ ਬੋਲਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਦਿਨ ਫਰਾਂਸ ਦੀ ਮਹੱਤਵਪੂਰਨ ਬੈਸਟਿਲ ਡੇ ਪਰੇਡ ਵਿੱਚ ਸ਼ਿਰਕਤ ਕੀਤੀ। ਰਾਹੁਲ ਨੇ ਇਸ ਨੂੰ ਲੈ ਕੇ ਪੀਐੱਮ 'ਤੇ ਵਿਅੰਗ ਕੱਸਿਆ। ਕਾਂਗਰਸ ਨੇਤਾ ਨੇ ਕਿਹਾ ਪ੍ਰਧਾਨ ਮੰਤਰੀ ਨੂੰ ਨਹੀਂ ਬਲਕਿ ਰਾਫੇਲ ਸੌਦੇ ਨੂੰ ਮਿਲੀ ਬੈਸਟੀਲ ਡੇ ਪਰੇਡ ਦੀ ਟਿਕਟ।