ਝੱਜਰ ‘ਚ ਇੱਕ ਵਿਅਕਤੀ ਨੇ ਆਪਣੀ ਪਤਨੀ ਤੇ ਦੋ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਕੀਤੀ ਖੁਦਕੁਸ਼ੀ

ਝੱਜਰ, 10 ਅਪ੍ਰੈਲ : ਹਰਿਆਣਾ ਦੇ ਝੱਜਰ ਦੇ ਪਿੰਡ ਮਦਾਨਾ ਖੁਰਦ ਵਿੱਚ ਪਤੀ ਨੇ ਆਪਣੀ ਪਤਨੀ ਤੇ ਦੋ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖੁਦ ਵੀ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਸੋਮਵਾਰ ਦੀ ਸਵੇਰੇ ਪਰਿਵਾਰ ਦਾ ਕੋਈ ਮੈਂਬਰ ਨਾ ਦਿੱਸਿਆ ਤਾਂ ਗੁਆਂਢੀਆਂ ਨੇ ਘਰ ਅੰਦਰ ਦੇਖਿਆ ਤਾਂ ਇਹ ਦਰਦਨਾਕ ਘਟਨਾਂ ਸਾਹਮਣੇ ਆਈ। ਇਸਦੀ ਸੂਚਨਾ ਮਿਲਦੇ ਹੀ ਝੱਜਰ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ, ਜਿੰਨ੍ਹਾਂ ਨੇ ਇਸ ਘਟਨਾਂ ਸਬੰਧੀ ਜਾਂਚ ਪੜਤਾਲ ਕਰਨ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ।ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ‘ਚ ਪਤਨੀ ਤੇ ਬੱਚਿਆਂ ਦੇ ਗਲੇ ਤੇ ਨਿਸ਼ਾਨ ਮਿਲੇ ਹਨ, ਜਿਸ ਤੋਂ ਪਤਾ ਲੱਗਾ ਹੈ ਕਿ ਪਤੀ ਨੇ ਪਤਨੀ ਅਤੇ ਬੱਚਿਆਂ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ, ਜਿਸ ਤੋਂ ਬਾਅਦ ਖੁਦ ਵੀ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਲਿਆ। ਇਸ ਬਾਰੇ ਪੁਲਿਸ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੀ ਲੜਕੀ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ 11ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਪੁੱਤਰ 9ਵੀਂ ਜਮਾਤ ਵਿੱਚ ਪੜ੍ਹਦਾ ਸੀ। ਇਸ ਘਟਨਾ ਨਾਲ ਇਲਾਕੇ ਦਾ ਹਰ ਵਿਅਕਤੀ ਸਦਮੇ 'ਚ ਹੈ।