ਮੱਧ ਪ੍ਰਦੇਸ਼ ਦੇ ਮੁਰੈਨਾ ‘ਚ ਆਪਸੀ ਰੰਜਿਸ਼ ਕਾਰਨ ਇੱਕੋਂ ਪਰਿਵਾਰ ਦੇ 6 ਮੈਂਬਰਾਂ ਦਾ ਕਤਲ, ਕਈ ਜਖ਼ਮੀ

ਮੁਰੈਨਾ, 05 ਮਈ : ਮੱਧ ਪ੍ਰਦੇਸ਼ ਦੇ ਮੁਰੈਨਾ ਦੇ ਪਿੰਡ ਲੇਪਾ ਭਿਡੋਸਾ ‘ਚ ਇੱਕ ਪਰਿਵਾਰ ਦੇ 6 ਲੋਕਾਂ ਨੂੰ ਗੋਲੀਮਾਰ ਕੇ ਕਤਲ ਕਰ ਦੇਣ ਦੀ ਦੁੱਖਦਾਈ ਖ਼ਬਰ ਹੈ। ਇਸ ਸਬੰਧੀ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਦੋ ਪਰਿਵਾਰਾਂ ਦਾ ਤਕਰੀਬਨ ਪਿਛਲੇ 10 ਸਾਲਾਂ ਤੋਂ ਆਪਣੀ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਸ਼ੁੱਕਰਵਾਰ ਨੂੰ ਇੱਕ ਪਰਿਵਾਰ ਨੇ ਦੂਸਰੇ ਪਰਿਵਾਰ ਦੇ ਗੋਲੀਬਾਰੀ ਕਰਕੇ 6 ਲੋਕਾਂ ਨੂੰ ਮਾਰ ਦਿੱਤਾ, ਜਿਸ ਵਿੱਚ 3 ਮਰਦ ਅਤੇ 3 ਸ਼ਮਿਲ ਹਨ। ਇਸ ਤੋਂ ਇਲਾਵਾ 3 ਲੋਕ ਜਖ਼ਮੀ ਹਨ, ਜੋ ਜੇਰੇ ਇਲਾਜ ਹਨ। ਇਸ ਕਤਲੇਆਮ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਲੋਕਾਂ ਨੂੰ ਡੰਡਿਆਂ ਨਾਲ ਕੁੱਟ ਰਹੇ ਹਨ ਅਤੇ ਕੁੱਝ ਬੰਦੂਕਾਂ ਅਤੇ ਡਾਗਾਂ ਲੈ ਕੇ ਸੜਕ ਤੇ ਖੜ੍ਹੇ ਹਨ। ਇਸੇ ਦੌਰਾਨ ਇੱਕ ਨੌਜਵਾਨ ਆਉਂਦਾ ਹੈ, ਜੋ ਇੱਕ ਇੱਕ ਕਰਕੇ 9 ਲੋਕਾਂ ਨੂੰ ਗੋਲੀਮਾਰ ਦਿੰਦਾ ਹੈ, ਜਿਸ ਤੋਂ ਬਾਅਦ ਜਿਹੜੇ ਲੋਕਾਂ ਦੇ ਗੋਲੀ ਲੱਗਦੀ ਹੈ, ਉਹ ਧਰਤੀ ਤੇ ਡਿੱਗ ਜਾਂਦੇ ਹਨ। ਇਸ ਮੌਕੇ ਬੱਚੇ ਵੀ ਸਨ, ਜਿੰਨ੍ਹਾਂ ਨੂੰ ਇੱਕ ਔਰਤ ਵੱਲੋਂ ਬੁਲਾ ਕੇ ਘਰ ਅੰਦਰ ਆਉਣ ਲਈ ਕਿਹਾ ਜਾਂਦਾ ਹੈ। ਘਟਨਾਂ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਜਾਂਦੇ ਹਨ। ਪਿੰਡ ਲੇਪਾ ਦੇ ਗਜੇਂਦਰ ਸਿੰਘ ਤੋਮਰ ਅਤੇ ਧੀਰ ਸਿੰਘ ਤੋਮਰ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਗਜੇਂਦਰ ਸਿੰਘ ਤੋਮਰ ਦੇ ਪਰਿਵਾਰਕ ਮੈਂਬਰਾਂ 'ਤੇ 2013 'ਚ ਧੀਰ ਸਿੰਘ ਤੋਮਰ ਦੇ ਪਰਿਵਾਰ ਦੇ ਦੋ ਲੋਕਾਂ ਦਾ ਕਤਲ ਕਰਨ ਦਾ ਦੋਸ਼ ਹੈ। ਇਸ ਸਬੰਧੀ ਕੇਸ ਚੱਲ ਰਿਹਾ ਹੈ। ਗਜੇਂਦਰ ਸਿੰਘ ਨੇ 6 ਲੱਖ ਰੁਪਏ ਮੁਆਵਜ਼ੇ ਵਜੋਂ ਵੀ ਦਿੱਤੇ ਸਨ ਪਰ ਪੈਸੇ ਲੈਣ ਦੇ ਬਾਵਜੂਦ ਧੀਰ ਸਿੰਘ ਦੇ ਪਰਿਵਾਰ ਨੇ ਕੇਸ ਵਾਪਸ ਨਹੀਂ ਲਿਆ। ਗਜੇਂਦਰ ਸਿੰਘ ਦਾ ਪਰਿਵਾਰ ਉਸ ਦੇ ਡਰ ਕਾਰਨ ਮੁਰੈਨਾ ਰਹਿੰਦਾ ਸੀ। ਗਜੇਂਦਰ ਸਿੰਘ ਤੋਮਰ ਦੇ ਪੁੱਤਰ ਰਾਕੇਸ਼ ਸਿੰਘ ਤੋਮਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਨ੍ਹਾਂ ਦਾ ਪਰਿਵਾਰ ਮੁਰੈਨਾ ਤੋਂ ਪਿੰਡ ਪਹੁੰਚਿਆ। ਧੀਰ ਸਿੰਘ ਦਾ ਪਰਿਵਾਰ ਛੱਪੜ 'ਤੇ ਬੈਠਾ ਸੀ। ਜਿਵੇਂ ਹੀ ਉਨ੍ਹਾਂ ਦੀ ਕਾਰ ਰੁਕੀ ਤਾਂ ਸਾਰੇ ਲੋਕ ਦੌੜ ਕੇ ਆਏ ਅਤੇ ਲਾਠੀਆਂ ਅਤੇ ਬੰਦੂਕਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਫਾਇਰਿੰਗ ਸ਼ੁਰੂ ਕਰ ਦਿੱਤੀ। ਸਾਡੇ ਪੱਖ ਦੇ ਛੇ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਵਿਚ ਤਿੰਨ ਔਰਤਾਂ ਵੀ ਸ਼ਾਮਲ ਹਨ। ਵੀਡੀਓ 'ਚ ਗੋਲੀਆਂ ਚਲਾਉਣ ਵਾਲੇ ਦਾ ਨਾਂ ਅਜੀਤ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਮੋਨੂੰ, ਬਲਰਾਮ, ਗੌਰਵ ਸਿੰਘ ਨੇ ਵੀ ਫਾਇਰਿੰਗ ਕੀਤੀ ਹੈ। ਇਸ ਗੋਲੀਬਾਰੀ 'ਚ ਕੁਸੁਮਾ ਤੋਮਰ ਨੇ ਆਪਣੇ ਪਤੀ, ਪੁੱਤਰ ਅਤੇ ਤਿੰਨ ਨੂੰਹਾਂ ਨੂੰ ਗੁਆ ਦਿੱਤਾ ਹੈ। ਉਸ ਨੇ ਦੱਸਿਆ ਕਿ 2013 ਵਿਚ ਸਰਕਾਰੀ ਸਕੂਲ ਦੀ ਜ਼ਮੀਨ ਨੂੰ ਲੈ ਕੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਝਗੜਾ ਹੋ ਗਿਆ ਸੀ। ਉਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਸ ਤੋਂ ਬਾਅਦ ਵੀ ਸਾਡੇ ਪਰਿਵਾਰਕ ਮੈਂਬਰਾਂ ਦੇ ਨਾਂ ਲਿਖੇ ਗਏ। ਜੇਲ੍ਹ ਵਿਚ ਰਾਜੀਨਾਮਾ ਹੋਇਆ। ਅਸੀਂ ਦੋਸ਼ੀ ਨੂੰ 6 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਸਨ। ਉਸ ਨੇ ਸਾਡਾ ਘਰ ਵੀ ਆਪਣੇ ਨਾਂ ਲਿਖਵਾ ਲਿਆ। ਅਸੀਂ ਅੱਜ ਹੀ ਕਾਰ ਰਾਹੀਂ ਆਏ ਹਾਂ। ਸਵੇਰੇ ਦੂਜੇ ਦੇ ਘਰ ਉਤਰੇ। ਉਸ ਦਾ ਘਰ ਦੂਜੇ ਪਾਸੇ ਹੈ। ਉਨ੍ਹਾਂ ਦੇ ਹੇਠਾਂ ਉਤਰਨ ਤੋਂ ਬਾਅਦ ਉਹ ਲੜਨ ਲੱਗੇ। ਉਸ ਦੇ ਲੜਕਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਬਾਰੀ ਤੋਂ ਬਾਅਦ ਕਰੀਬ ਦੋ ਘੰਟੇ ਤੱਕ ਪੁਲਿਸ ਮੌਕੇ 'ਤੇ ਨਹੀਂ ਆਈ। ਭਿਦੋਸਾ ਪਿੰਡ ਲੇਪਾ ਪਿੰਡ ਦੇ ਨੇੜੇ ਹੈ। ਡਾਕੂ ਪਾਨ ਸਿੰਘ ਤੋਮਰ ਪਿੰਡ ਭਿਡੋਸਾ ਦਾ ਹੀ ਸੀ, ਜਿਸ 'ਤੇ ਫ਼ਿਲਮ ਵੀ ਬਣੀ ਹੈ। ਪਾਨ ਸਿੰਘ ਤੋਮਰ ਦਾ ਪਿੰਡ ਦੇ ਲੋਕਾਂ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਵੀ ਹੋਇਆ ਅਤੇ ਉਹ ਡਾਕੂ ਬਣ ਗਿਆ। ਖ਼ਾਸ ਗੱਲ ਇਹ ਹੈ ਕਿ ਦੋਵੇਂ ਪਿੰਡ ਇਕੱਠੇ ਲੇਪਾ-ਭਿਦੋਸਾ ਦੇ ਨਾਂ ਨਾਲ ਜਾਣੇ ਜਾਂਦੇ ਹਨ।