ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਕੀਤਾ ਰੱਦ

  • "ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ : ਰਾਹੁਲ ਗਾਂਧੀ.
  • ਸਿਆਸੀ ਲੜਾਈ ਜਾਰੀ ਰਹੇਗੀ : ਕਾਂਗਰਸ

ਨਵੀਂ ਦਿੱਲੀ, 24 ਮਾਰਚ : ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਸ਼ੁੱਕਰਵਾਰ ਨੂੰ ਰੱਦ ਕਰ ਦਿੱਤੀ ਗਈ ਹੈ। ਉਹ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਦੇ ਮੈਂਬਰ ਸਨ। ਇਸ ਦੀ ਜਾਣਕਾਰੀ ਲੋਕ ਸਭਾ ਸਕੱਤਰੇਤ ਤੋਂ ਪੱਤਰ ਜਾਰੀ ਕਰ ਕੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਮਾਣਹਾਨੀ ਮਾਮਲੇ 'ਚ ਸੂਰਤ ਦੀ ਅਦਾਲਤ ਨੇ ਵੀਰਵਾਰ ਨੂੰ ਉਨ੍ਹਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। 2019 ਵਿੱਚ, ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਵਿੱਚ ਮੋਦੀ ਸਰਨੇਮ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ-ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੈ? ਸੂਰਤ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਸਜ਼ਾ ਸੁਣਾਈ ਹੈ। ਸੁਪਰੀਮ ਕੋਰਟ ਨੇ 2013 ਵਿੱਚ ਫੈਸਲਾ ਸੁਣਾਇਆ ਸੀ ਕਿ ਜੇਕਰ ਕਿਸੇ ਜਨ ਪ੍ਰਤੀਨਿਧੀ ਜਿਵੇਂ ਕਿ ਐਮ.ਐਲ.ਏ ਜਾਂ ਐਮ.ਪੀ ਨੂੰ ਦੋ ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜੇਕਰ ਪ੍ਰਤੀਨਿਧੀ ਸਜ਼ਾ ਦੇ ਖ਼ਿਲਾਫ਼ ਉੱਚ ਅਦਾਲਤ ਵਿੱਚ ਅਪੀਲ ਕਰਦਾ ਹੈ ਤਾਂ ਇਹ ਨਿਯਮ ਲਾਗੂ ਨਹੀਂ ਹੋਵੇਗਾ।

"ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ : ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲੋਕ ਸਭਾ ਤੋਂ ਆਪਣੀ ਮੈਂਬਰਸ਼ਿਪ ਖਤਮ ਕੀਤੇ ਜਾਣ 'ਤੇ ਪ੍ਰਤੀਕਿਰਿਆ ਦਿੱਤੀ ਹੈ। ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤ ਦੀ ਆਵਾਜ਼ ਲਈ ਲੜ ਰਹੇ ਹਨ ਅਤੇ ਇਸ ਲਈ ਉਹ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹਨ। ਉਨ੍ਹਾਂ ਟਵੀਟ ਕੀਤਾ, "ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ। ਮੈਂ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹਾਂ।"

ਸਿਆਸੀ ਲੜਾਈ ਜਾਰੀ ਰਹੇਗੀ : ਕਾਂਗਰਸ
ਰਾਹੁਲ ਗਾਂਧੀ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਸਿਆਸੀ ਲੜਾਈ ਜਾਰੀ ਰਹੇਗੀ। ਜੈਰਾਮ ਰਮੇਸ਼ ਨੇ ਕਿਹਾ ਕਿ ਅਸੀਂ ਪਿੱਛੇ ਨਹੀਂ ਹਟਾਂਗੇ। ਰਾਹੁਲ ਗਾਂਧੀ ਕਿਸੇ ਧਮਕੀ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਰੇ ਹੋਏ ਹਨ। ਇਸ ਲਈ ਉਹ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਨੇਤਾਵਾਂ ਨੂੰ ਵਾਰ-ਵਾਰ ਧਮਕੀਆਂ ਦਿੰਦੇ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਭਾਰਤ ਜੋੜੋ ਯਾਤਰਾ ਤੋਂ ਘਬਰਾ ਰਹੀ ਹੈ। ਉਹ ਜਾਣਦੀ ਹੈ ਕਿ ਭਾਰਤ ਜੋੜੋ ਯਾਤਰਾ ਨੇ ਨਾ ਸਿਰਫ਼ ਕਾਂਗਰਸ ਸੰਗਠਨ ਵਿੱਚ ਨਵਾਂ ਜੋਸ਼ ਪੈਦਾ ਕੀਤਾ ਹੈ, ਸਗੋਂ ਪੂਰੇ ਦੇਸ਼ ਵਿੱਚ ਇੱਕ ਨਵਾਂ ਜੋਸ਼ ਭਰਿਆ ਹੈ, ਭਵਿੱਖ ਦਾ ਰਸਤਾ ਵਿਖਾਇਆ ਹੈ।