ਰਾਜਸਥਾਨ ‘ਚ ਅਸਮਾਨੀ ਬਿਜਲੀ ਦਾ ਕਹਿਰ, 5 ਲੋਕਾਂ ਦੀ ਮੌਤ

ਮਾਧੋਪੁਰ, 1 ਮਾਰਚ : ਰਾਜਸਥਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਮੀਂਹ ਅਤੇ ਗੜੇਮਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਟੋਂਕ ਅਤੇ ਸਵਾਈ ਮਾਧੋਪੁਰ ‘ਚ ਸਵੇਰ ਤੋਂ ਹੀ ਤੇਜ਼ ਹਵਾ ਦੇ ਨਾਲ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਵੱਖ-ਵੱਖ ਬਿਜਲੀ ਹਾਦਸਿਆਂ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਪਤੀ-ਪਤਨੀ ਵੀ ਸ਼ਾਮਲ ਹਨ। ਇਸ ਦੇ ਨਾਲ ਹੀ 4 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ। ਜੈਪੁਰ ਵਿਚ ਵੀ ਦੁਪਹਿਰ ਤੋਂ ਸੰਘਣੇ ਬੱਦਲ ਛਾਏ ਹੋਏ ਹਨ। ਇਥੇ ਚੱਲ ਰਹੀ ਠੰਢੀ ਹਵਾ ਕਾਰਨ ਤਾਪਮਾਨ ਵੀ ਹੇਠਾਂ ਆ ਗਿਆ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਜੈਸਲਮੇਰ ਅਤੇ ਸ਼੍ਰੀਗੰਗਾਨਗਰ 'ਚ ਬਾਰਸ਼ ਹੋਈ। ਇਸ ਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਨਵੀਂ ਦਿੱਲੀ ਨੇ 10 ਸੂਬਿਆਂ ਨੂੰ ਆਰੇਂਜ ਅਲਰਟ ਜਾਰੀ ਕੀਤਾ ਹੈ। ਰਾਜਸਥਾਨ 'ਚ ਇਸ ਪ੍ਰਣਾਲੀ ਦੇ ਪ੍ਰਭਾਵ ਕਾਰਨ 75 ਫ਼ੀ ਸਦੀ ਖੇਤਰ 'ਚ ਮੀਂਹ ਪੈ ਸਕਦਾ ਹੈ ਅਤੇ ਕੁੱਝ ਥਾਵਾਂ 'ਤੇ ਭਾਰੀ ਗੜੇਮਾਰੀ ਵੀ ਹੋ ਸਕਦੀ ਹੈ। ਅੱਜ ਬੀਕਾਨੇਰ, ਚੁਰੂ, ਝੁੰਝੁਨੂ, ਹਨੂੰਮਾਨਗੜ੍ਹ, ਜੈਸਲਮੇਰ ਅਤੇ ਸ਼੍ਰੀਗੰਗਾਨਗਰ 'ਚ ਆਰੇਂਜ ਅਲਰਟ ਹੈ। ਇਸ ਦੇ ਨਾਲ ਹੀ 2 ਮਾਰਚ ਨੂੰ ਕਰੌਲੀ, ਝੁੰਝੁਨੂ, ਧੌਲਪੁਰ, ਦੌਸਾ, ਭਰਤਪੁਰ ਅਤੇ ਅਲਵਰ ਵਿਚ ਆਰੇਂਜ ਅਲਰਟ ਹੈ।