ਜਬਰ ਜਨਾਹ ਮਾਮਲੇ 'ਚ ਆਸਾਰਾਮ ਨੂੰ ਉਮਰ ਕੈਦ, 50 ਹਜ਼ਾਰ ਦਾ ਜੁਰਮਾਨਾ

ਗਾਂਧੀਨਗਰ, ਜੇਐੱਨਐੱਨ : ਗੁਜਰਾਤ ਦੇ ਗਾਂਧੀਨਗਰ ਦੀ ਇੱਕ ਅਦਾਲਤ ਨੇ 2013 ਦੇ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਆਸਾਰਾਮ ਬਾਪੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਅਦਾਲਤ ਨੇ ਆਸਾਰਾਮ ਬਾਪੂ ਨੂੰ ਜਬਰ ਜਨਾਹ ਮਾਮਲੇ 'ਚ ਦੋਸ਼ੀ ਪਾਇਆ ਸੀ। ਅੱਜ ਅਦਾਲਤ ਨੇ ਇਸ ਮਾਮਲੇ ਵਿੱਚ ਸਜ਼ਾ ਦਾ ਐਲਾਨ ਕੀਤਾ। ਦੱਸ ਦੇਈਏ ਕਿ ਸਾਲ 2013 'ਚ ਆਸਾਰਾਮ 'ਤੇ ਦੋ ਭੈਣਾਂ ਨੇ ਜਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਸੀ।

  • ਅਦਾਲਤ ਨੇ ਸਜ਼ਾ ਦਾ ਕੀਤਾ ਐਲਾਨ

ਇਸ ਤੋਂ ਪਹਿਲਾਂ ਵਿਸ਼ੇਸ਼ ਸਰਕਾਰੀ ਵਕੀਲ ਆਰਸੀ ਕੋਡੇਕਰ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਆਸਾਰਾਮ ਨੂੰ ਉਮਰ ਕੈਦ ਅਤੇ ਭਾਰੀ ਜੁਰਮਾਨਾ ਲਗਾਇਆ ਜਾਵੇ। ਉਨ੍ਹਾਂ ਕਿਹਾ ਸੀ ਕਿ ਅਸੀਂ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇ। ਫਿਲਹਾਲ ਅਦਾਲਤ ਨੇ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੀੜਤਾ ਨੂੰ 50 ਹਜ਼ਾਰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।

  • ਪੁਲਿਸ ਨੇ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਕੀਤਾ ਸੀ ਦਰਜ

ਵਿਸ਼ੇਸ਼ ਸਰਕਾਰੀ ਵਕੀਲ ਆਰਸੀ ਕੋਡੇਕਰ ਦੇ ਅਨੁਸਾਰ, ਪੀੜਤਾ ਨੇ ਸੂਰਤ ਪੁਲਿਸ ਕੋਲ ਕੇਸ ਦਰਜ ਕਰਵਾਇਆ ਸੀ, ਜਿਸ ਨੂੰ 2013 ਵਿੱਚ ਅਹਿਮਦਾਬਾਦ ਪੁਲਿਸ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਚਾਂਦਖੇੜਾ ਪੁਲਿਸ ਸਟੇਸ਼ਨ ਨੇ ਆਸਾਰਾਮ ਬਾਪੂ ਅਤੇ ਉਸਦੇ ਪੁੱਤਰ ਨਰਾਇਣ ਸਾਈਂ ਸਮੇਤ 8 ਲੋਕਾਂ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।

  • ਆਸਾਰਾਮ ਬਾਪੂ ਜੋਧਪੁਰ ਜੇਲ੍ਹ ਵਿੱਚ ਹਨ ਬੰਦ

ਦੱਸ ਦੇਈਏ ਕਿ ਆਸਾਰਾਮ ਬਾਪੂ ਇਸ ਸਮੇਂ ਜੋਧਪੁਰ ਜੇਲ੍ਹ ਵਿੱਚ ਹਨ। ਇਸ ਦੇ ਨਾਲ ਹੀ ਸੂਰਤ ਦੀ ਅਦਾਲਤ ਵਿੱਚ ਨਰਾਇਣ ਸਾਈਂ ਦੇ ਖ਼ਿਲਾਫ਼ ਇੱਕ ਵੱਖਰਾ ਕੇਸ ਚੱਲ ਰਿਹਾ ਹੈ। ਦੋ ਭੈਣਾਂ ਨੇ ਆਸਾਰਾਮ ਅਤੇ ਉਸਦੇ ਬੇਟੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਆਸਾਰਾਮ ਅਤੇ ਉਸਦੇ ਬੇਟੇ ਦੁਆਰਾ ਚਲਾਏ ਜਾ ਰਹੇ ਮੋਟੇਰਾ ਆਸ਼ਰਮ ਵਿੱਚ 1997 ਤੋਂ 2006 ਦੇ ਵਿੱਚ ਉਨ੍ਹਾਂ ਨਾਲ ਬਲਾਤਕਾਰ ਕੀਤਾ ਗਿਆ ਸੀ। ਛੋਟੀ ਭੈਣ ਨੇ ਨਰਾਇਣ ਸਾਈਂ ਅਤੇ ਵੱਡੀ ਭੈਣ ਨੇ ਆਸਾਰਾਮ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।