ਦੇਸ਼ ਵਿਰੋਧੀ ਮੁਹਿੰਮ ਚਲਾਉਣ ਦੇ ਦੋਸ਼ 'ਚ 104 ਯੂਟਿਊਬ ਚੈਨਲ, ਪੰਜ ਟਵਿੱਟਰ ਐਕਾਊਂਟ 'ਤੇ ਕੀਤੀ ਕਨੂੰਨੀ ਕਾਰਵਾਈ : ਠਾਕੁਰ

ਨਵੀਂ ਦਿੱਲੀ, ,22 ਦਸੰਬਰ : ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਦੱਸਿਆ ਕਿ ਦੇਸ਼ ਵਿਰੋਧੀ ਮੁਹਿੰਮ ਚਲਾਉਣ ਅਤੇ ਸਮਾਜ ਅੰਦਰ ਭਰਮ ਅਤੇ ਡਰ ਫ਼ੈਲਾਉਣ ਦੇ ਦੋਸ਼ ਵਿਚ 104 ਯੂਟਿਊਬ ਚੈਨਲਾਂ ਦੇ ਨਾਲ-ਨਾਲ ਪੰਜ ਟਵਿੱਟਰ ਐਕਾਊਂਟ ਅਤੇ ਛੇ ਵੈੱਬਸਾਈਟਾਂ 'ਤੇ ਆਈ.ਟੀ. ਐਕਟ ਤਹਿਤ ਕਨੂੰਨੀ ਕਾਰਵਾਈ ਕੀਤੀ ਗਈ ਹੈ, ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਉੱਪਰਲੇ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਦੇਸ਼ ਵਿਰੋਧੀ ਮੁਹਿੰਮ ਚਲਾਉਣ ਅਤੇ ਸਮਾਜ ਵਿੱਚ ਭਰਮ ਅਤੇ ਡਰ ਫ਼ੈਲਾਉਣ ਦੇ ਮਾਮਲੇ ਵਿੱਚ ਆਈ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲਿਆਂ ਵਿੱਚ ਹੁਣ ਤੱਕ 104 ਯੂਟਿਊਬ ਚੈਨਲ, 45 ਵੀਡੀਓ, ਚਾਰ ਫ਼ੇਸਬੁੱਕ ਐਕਾਊਂਟ ਅਤੇ ਦੋ ਪੋਸਟਾਂ, ਤਿੰਨ ਇੰਸਟਾਗ੍ਰਾਮ ਅਤੇ ਪੰਜ ਟਵਿਟਰ ਐਕਾਊਂਟ ਅਤੇ ਛੇ ਵੈੱਬਸਾਈਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਦੋ ਐਪ ਵੀ ਬੈਨ ਕਰ ਦਿੱਤੀਆਂ ਗਈਆਂ ਹਨ। ਠਾਕੁਰ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਭਾਰਤ ਸਰਕਾਰ ਸੰਬੰਧਿਤ ਮੰਚਾਂ ਨੂੰ ਪੱਤਰ ਲਿਖਦੀ ਹੈ ਅਤੇ ਉਹ ਕਾਰਵਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜਿਹੇ ਮਾਮਲਿਆਂ ਵਿੱਚ ਕਾਰਵਾਈ ਕੀਤੀ ਹੈ ਅਤੇ ਲੋੜ ਪੈਣ 'ਤੇ ਅੱਗੇ ਵੀ ਕਾਰਵਾਈ ਜਾਰੀ ਰਹੇਗੀ।