ਨੇਤਾਵਾਂ ਦਾ ਮੁਲਾਂਕਣ ਉਨ੍ਹਾਂ ਦੇ ਸਾਦੇ ਪਹਿਰਾਵੇ ਜਾਂ ਸਸਤੀ ਘੜੀਆਂ ਦੇ ਅਧਾਰ ਤੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਆਮ ਲੋਕਾਂ ਤੋਂ ਆਪਣੀ ਅਸਲ ਦੌਲਤ ਲੁਕਾਉਣ ‘ਚ ਬਹੁਤ ਚਲਾਕ ਹਨ : ਰਾਹੁਲ ਗਾਂਧੀ

ਕੇਰਲ, 29 ਨਵੰਬਰ : ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐਮਐਲ) ਦੇ ਮਰਹੂਮ ਨੇਤਾ ਪੀ ਸਿਥੀ ਹਾਜੀ ਤੇ ਇੱਕ ਕਿਤਾਬ ਦੇ ਰਿਲੀਜ ਮੌਕੇ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੁੱਝ ਨੇਤਾਵਾਂ ਦਾ ਮੁਲਾਂਕਣ ਉਨ੍ਹਾਂ ਦੇ ਸਾਦੇ ਪਹਿਰਾਵੇ ਜਾਂ ਸਸਤੀ ਘੜੀਆਂ ਦੇ ਅਧਾਰ ਤੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਆਮ ਲੋਕਾਂ ਤੋਂ ਆਪਣੀ ਅਸਲ ਦੌਲਤ ਲੁਕਾਉਣ ‘ਚ ਬਹੁਤ ਚਲਾਕ ਹਨ। ਉਨ੍ਹਾਂ ਕਿਹਾ ਕਿ ਕੁੱਝ ਨੇਤਾਵਾਂ ਦੇ ਅਸਲ ਸੁਭਾਅ ਦੀ ਪਹਿਚਾਣ ਉਨ੍ਹਾਂ ਦੇ ਬੱਚਿਆਂ ਨੂੰ ਦੇਖ ਕੇ ਕੀਤੀ ਜਾ ਸਕਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਕਈ ਨੇਤਾਵਾਂ ਨੂੰ ਮਿਲਦੇ ਹਨ ਅਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ, ਉਹ ਲੋਕ ਬਹੁਤ ਚਲਾਕ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਨੇਤਾ ਤੁਹਾਨੂੰ ਉਹੀ ਦਿਖਾਉਣਗੇ, ਜੋ ਉਹ ਦਿਖਾਉਣਾ ਚਾਹੁੰਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ‘‘ਕਈ ਵਾਰ ਜਦੋਂ ਉਹ ਮੈਨੂੰ ਮਿਲਣ ਆਉਂਦੇ ਹਨ, ਤਾਂ ਉਹ ਸਾਦੇ ਕੱਪੜੇ, ਘੱਟ ਕੀਮਤ ਵਾਲੀਆਂ ਘੜੀਆਂ ਅਤੇ ਫਟੇ ਹੋਏ ਜੁੱਤੀਆਂ ਪਹਿਨ ਕੇ ਆਉਂਦੇ ਹਨ। ਜਦੋਂ ਤੁਸੀਂ ਉਨ੍ਹਾਂ ਦੇ ਘਰ ਜਾਂਦੇ ਹੋ, ਤਾਂ ਉਨ੍ਹਾਂ ਕੋਲ ਵੱਡੀਆਂ ਬੀ.ਐਮ.ਡਬਲਯੂ. ਗੱਡੀਆਂ ਹੁੰਦੀਆਂ ਹਨ। ਇਹ ਲੋਕ ਬਹੁਤ ਚਲਾਕ ਹੁੰਦੇ ਹਨ। ਉਹ ਜਾਣਦੇ ਹਨ ਕਿ ਤੁਸੀਂ ਕੀ ਵੇਖ ਰਹੇ ਹੋ।’’ ਉਨ੍ਹਾਂ ਅਨੁਸਾਰ, ਸਿਆਸਤਦਾਨ ਕਪੜਿਆਂ ਅਤੇ ਪਹਿਨਣ ਲਈ ਹੋਰ ਚੀਜ਼ਾਂ ਰਾਹੀਂ ਅਪਣੀ ਅਸਲੀਅਤ ਨੂੰ ਲੁਕਾ ਸਕਦੇ ਹਨ, ਪਰ ‘ਜਦੋਂ ਉਨ੍ਹਾਂ ਦੇ ਬੱਚਿਆਂ ਦੀ ਗੱਲ ਆਉਂਦੀ ਹੈ ਤਾਂ ਸੱਚਾਈ ਨੂੰ ਲੁਕਾਇਆ ਨਹੀਂ ਜਾ ਸਕਦਾ।’ ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਵਿਅਕਤੀਆਂ ਦਾ ਤੁਰਤ ਅਤੇ ਸਹੀ ਮੁਲਾਂਕਣ ਕਰਨ ਲਈ ਇਕ ਨਵੇਂ ਤਰੀਕੇ ਦਾ ਸਹਾਰਾ ਲੈਣਾ ਪਿਆ। ਸਾਬਕਾ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਿਆਸੀ ਖੇਤਰ ’ਚ ਲਗਭਗ 18 ਸਾਲ ਬਿਤਾਉਣ ਅਤੇ ਵੱਖ-ਵੱਖ ਨੇਤਾਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਲੋਕਾਂ ਦਾ ਮੁਲਾਂਕਣ ਕਰਨ ਜਾਂ ਟੈਸਟ ਕਰਨ ਦਾ ਇਹ ‘ਬੁਲੇਟਪਰੂਫ’ ਤਰੀਕਾ ਲਭਿਆ ਹੈ। ਉਨ੍ਹਾਂ ਕਿਹਾ, ‘‘ਮੈਨੂੰ ਇਸ ਬੁਲੇਟਪਰੂਫ ਰਸਤੇ ਨੂੰ ਲੱਭਣ ’ਚ 18 ਸਾਲ ਲੱਗ ਗਏ ਜਿੱਥੇ ਕਿਸੇ ਵਿਅਕਤੀ ਲਈ ਅਪਣੇ ਬਾਰੇ ਸੱਚ ਲੁਕਾਉਣਾ ਅਸੰਭਵ ਹੋਵੇਗਾ। ਮੈਂ ਉਨ੍ਹਾਂ ਨੂੰ ਅਪਣੇ ਬੱਚਿਆਂ ਨੂੰ ਮੇਰੇ ਕੋਲ ਭੇਜਣ ਲਈ ਕਹਿੰਦਾ ਹਾਂ। ਬੱਚਿਆਂ ਨਾਲ ਸੱਚ ਨੂੰ ਲੁਕਾਇਆ ਨਹੀਂ ਜਾ ਸਕਦਾ।’’ਹਾਜੀ ਆਈ.ਯੂ.ਐਮ.ਐਲ. ਦੇ ਨੇਤਾ ਅਤੇ ਕੇਰਲ ਦੀ ਨੌਵੀਂ ਵਿਧਾਨ ਸਭਾ ’ਚ ਸੱਤਾਧਾਰੀ ਪਾਰਟੀ ਦੇ ਮੁੱਖ ਵਹਿਪ ਸਨ। ਰਾਹੁਲ ਗਾਂਧੀ ਅਨੁਸਾਰ, ਉਹ ਹਾਜੀ ਬਾਰੇ ਜ਼ਿਆਦਾ ਨਹੀਂ ਜਾਣਦੇ ਕਿਉਂਕਿ ਉਹ ਉਨ੍ਹਾਂ ਨੂੰ ਕਦੇ ਨਹੀਂ ਮਿਲੇ, ਪਰ ਉਨ੍ਹਾਂ ਦੇ ਬੇਟੇ ਪੀ.ਕੇ. ਬਸ਼ੀਰ ਨੂੰ ਵੇਖ ਕੇ ਉਹ ਅੰਦਾਜ਼ਾ ਲਗਾ ਸਕਦੇ ਹਨ ਕਿ ਮਰਹੂਮ ਆਈ.ਯੂ.ਐਮ.ਐਲ. ਨੇਤਾ ਕਿਸ ਤਰ੍ਹਾਂ ਦੇ ਵਿਅਕਤੀ ਸਨ। ਉਨ੍ਹਾਂ ਕਿਹਾ, ‘‘ਮੈਂ ਅਜਿਹਾ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਉਹ (ਬਸ਼ੀਰ) ਅਪਣੇ ਪਿਤਾ ਦੀ ਛਾਪ ਹਨ। ਮੈਂ ਉਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਪਿਤਾ ਬਾਰੇ ਜਾਣ ਸਕਦਾ ਹਾਂ। ਕੁਝ ਵੀ ਲੁਕਾਇਆ ਨਹੀਂ ਜਾ ਸਕਦਾ।’’