ਭਾਜਪਾ ਪ੍ਰਧਾਨ ਵਜੋਂ ਜੇਪੀ ਨੱਡਾ ਦਾ ਕਾਰਜਕਾਲ ਜੂਨ 2024 ਤੱਕ ਵਧਾਇਆ

ਨਵੀਂ ਦਿੱਲੀ,17 ਜਨਵਰੀ : ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਕਾਰਜਕਾਰਨੀ ਨੇ ਅੱਜ ਜੇਪੀ ਨੱਡਾ ਲਈ ਪ੍ਰਸਤਾਵ ਰੱਖਿਆ ਹੈ। ਰਾਜਨਾਥ ਸਿੰਘ ਵਲੋਂ ਇਹ ਪ੍ਰਸਤਾਵ ਰੱਖਿਆ ਗਿਆ ਸੀ। ਜਿਸਦੇ ਚੱਲਦੇ ਭਾਜਪਾ ਪ੍ਰਧਾਨ ਵਜੋਂ ਜੇਪੀ ਨੱਡਾ ਦਾ ਕਾਰਜਕਾਲ ਜੂਨ 2024 ਤੱਕ ਵਧਾਇਆ ਜਾ ਰਿਹਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜਗਤ ਪ੍ਰਕਾਸ਼ ਨੱਡਾ ਜੂਨ 2024 ਤੱਕ ਭਾਜਪਾ ਪ੍ਰਧਾਨ ਵਜੋਂ ਸੇਵਾ ਕਰਦੇ ਰਹਿਣਗੇ। ਅਮਿਤ ਸ਼ਾਹ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ‘ਚ ਭਾਜਪਾ 2024 ‘ਚ ਇਸ ਤੋਂ ਵੀ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਅਗਵਾਈ ਕਰਨਗੇ। ਅਮਿਤ ਸ਼ਾਹ ਨੇ ਇਸ ਦੌਰਾਨ ਨੱਡਾ ਦੀ ਅਗਵਾਈ ਦੀ ਤਾਰੀਫ ਵੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਭਾਜਪਾ ਨੇ ਕਈ ਅਹਿਮ ਚੋਣਾਂ ਵਿੱਚ ਜਿੱਤ ਹਾਸਲ ਕੀਤੀ। ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਦੋ-ਰੋਜ਼ਾ ਮੀਟਿੰਗ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਨਵੀਂ ਦਿੱਲੀ ਮਿਉਂਸਪਲ ਕੌਂਸਲ (ਐਨਡੀਐਮਸੀ) ਦੇ ਕਨਵੈਨਸ਼ਨ ਸੈਂਟਰ ਵਿੱਚ ਹੋਈ। ਜੇਪੀ ਨੱਡਾ ਦਾ ਤਿੰਨ ਸਾਲ ਦਾ ਕਾਰਜਕਾਲ ਇਸ ਸਾਲ 20 ਜਨਵਰੀ ਨੂੰ ਖ਼ਤਮ ਹੋ ਜਾ ਰਿਹਾ ਸੀ| ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜੁਲਾਈ 2019 ਵਿੱਚ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਉਸ ਤੋਂ ਬਾਅਦ, 20 ਜਨਵਰੀ 2020 ਨੂੰ, ਉਨ੍ਹਾਂ ਨੇ ਪਾਰਟੀ ਦੇ ਫੁੱਲ-ਟਾਈਮ ਪ੍ਰਧਾਨ ਵਜੋਂ ਚਾਰਜ ਸੰਭਾਲ ਲਿਆ। ਭਾਜਪਾ ਦੇ ਸੰਵਿਧਾਨ ਮੁਤਾਬਕ ਰਾਸ਼ਟਰੀ ਪ੍ਰਧਾਨ ਨੂੰ ਲਗਾਤਾਰ ਤਿੰਨ ਸਾਲ ਦੇ ਦੋ ਕਾਰਜਕਾਲ ਦੇਣ ਦੀ ਵਿਵਸਥਾ ਹੈ। ਜੇਪੀ ਨੱਡਾ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਦਾ ਜਨਮ 2 ਦਸੰਬਰ 1960 ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹੋਇਆ ਸੀ।