ਹਿਮਾਚਲ 'ਚ ਜੀਪ ਡੂੰਘੀ ਖਾਈ ‘ਚ ਡਿੱਗੀ, ਤਿੰਨ ਨੌਜਵਾਨਾਂ ਦੀ ਮੌਤ

ਮੰਡੀ, 22 ਮਾਰਚ : ਹਿਮਾਚਲ ਦੇ ਮੰਡੀ 'ਚ ਅੱਜ ਸ਼ੁੱਕਰਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਜੀਪ ਮੰਡੀ-ਬਜੌੜਾ ਵਾਇਆ ਕਟੌਲਾ ਹਾਈਵੇਅ 'ਤੇ ਡਰੰਗ ਦੇ ਟਿਹਰੀ ਨੇੜੇ 300 ਮੀਟਰ ਡੂੰਘੀ ਖਾਈ 'ਚ ਡਿੱਗ ਗਈ। ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੋਂ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਸਨ ਅਤੇ ਖੋਆ-ਪਨੀਰ ਦਾ ਕਾਰੋਬਾਰ ਕਰਦੇ ਸਨ। ਤਿੰਨੋਂ ਨੌਜਵਾਨ ਮਨਾਲੀ ਵਿੱਚ ਸਪਲਾਈ ਦੇਣ ਤੋਂ ਬਾਅਦ ਵਾਪਸ ਪੰਜਾਬ ਪਰਤ ਰਹੇ ਸਨ। ਥਾਣਾ ਸਦਰ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕਮਾਂਦ ਥਾਣਾ ਇੰਚਾਰਜ ਆਲਮ ਰਾਮ ਦੀ ਅਗਵਾਈ 'ਚ ਟੀਮ ਮੌਕੇ 'ਤੇ ਰਵਾਨਾ ਕੀਤੀ ਗਈ। ਲਾਸ਼ਾਂ ਡੂੰਘੇ ਚਿੱਕੜ ਵਿੱਚ ਫਸੀਆਂ ਹੋਈਆਂ ਸਨ। ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਗਈ। ਇਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੀ ਪਛਾਣ ਡਰਾਈਵਰ ਬਸ਼ੀਰ ਅਲੀ (23) ਪੁੱਤਰ ਭੀਲੋ ਵਾਸੀ ਵੈਰਾਮਪੁਰ ਜ਼ਿਲਾ ਰੋਪੜ ਪੰਜਾਬ, ਸਲੀਮ ਪੁੱਤਰ ਅਲੀ ਹੁਸੈਨ ਵਾਸੀ ਪਿੰਜੌਰ, ਹਰਿਆਣਾ ਅਤੇ ਆਜ਼ਮ ਪੁੱਤਰ ਸ਼ਰਾਫਤ ਅੰਸਾਰੀ ਵਾਸੀ ਜੌੜੇਡਾ ਜ਼ਿਲਾ ਰੁੜਕੀ, ਹਰਿਦੁਆਰ ਵਜੋਂ ਹੋਈ ਹੈ। ਡੀਐਸਪੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਦਾ ਜ਼ੋਨਲ ਹਸਪਤਾਲ ਮੰਡੀ ਵਿੱਚ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਇਹ ਹਾਦਸਾ ਡਰਾਈਵਰ ਵੱਲੋਂ ਝਪਕੀ ਲੈਣ ਕਾਰਨ ਵਾਪਰਿਆ ਹੋ ਸਕਦਾ ਹੈ। ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਮੌਕੇ ਤੋਂ ਮਿਲੇ ਵਾਹਨ ਦੇ ਦਸਤਾਵੇਜ਼ਾਂ ਅਨੁਸਾਰ ਜੀਪ ਰੋਪੜ ਨਿਵਾਸੀ ਜਸਵੀਰ ਸਿੰਘ ਦੇ ਨਾਮ ‘ਤੇ ਹੈ।