ਜੇਡੀਯੂ ਨੇ ਭਾਜਪਾ ਨਾਲ ਕੀਤਾ ਗਠਜੋੜ, ਨਿਤੀਸ਼ ਕੁਮਾਰ ਨੇ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ

ਪਟਨਾ, 28 ਜਨਵਰੀ : ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਨੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਕੁਝ ਘੰਟਿਆਂ ਬਾਅਦ ਐਤਵਾਰ ਨੂੰ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਦੇ ਸਮਰਥਨ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦੇ ਨਾਲ ਵਿਜੇ ਸਿਨਹਾ ਅਤੇ ਸਮਰਾਟ ਚੌਧਰੀ ਨੇ ਵੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਨਾਲ ਜੇਡੀਯੂ ਅਤੇ ਭਾਜਪਾ ਦੇ ਤਿੰਨ-ਤਿੰਨ ਮੰਤਰੀ, ਜੀਤਨ ਰਾਮ ਮਾਂਝੀ ਦੇ ਹਿੰਦੁਸਤਾਨੀ ਅਵਾਮ ਮੋਰਚਾ ਦੇ ਇੱਕ ਅਤੇ ਇੱਕ ਆਜ਼ਾਦ ਵਿਧਾਇਕ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਰਾਜਪਾਲ ਰਾਜੇਂਦਰ ਅਰਲੇਕਰ ਦੇ ਸਾਹਮਣੇ ਐਨਡੀਏ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਇਸ ਵਾਰ ਉਨ੍ਹਾਂ ਦੀ ਪਾਰਟੀ ਜਨਤਾ ਦਲ (ਯੂ) ਭਾਜਪਾ ਅਤੇ ਭਗਵਾਂ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਦੀਆਂ ਹੋਰ ਪਾਰਟੀਆਂ ਨਾਲ ਗੱਠਜੋੜ ਕਰ ਕੇ ਸਰਕਾਰ ਬਣਾ ਰਹੀ ਹੈ। ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਚਿਰਾਗ ਪਾਸਵਾਨ ਵੀ ਰਾਜ ਭਵਨ ਵਿੱਚ ਮੌਜੂਦ ਸਨ। ਦੱਸ ਦੇਈਏ ਕਿ ਨਿਤੀਸ਼ ਕੁਮਾਰ 3 ਮਾਰਚ 2000 ਨੂੰ ਪਹਿਲੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ। ਨਿਤੀਸ਼ ਕੁਮਾਰ 2000 ਵਿੱਚ ਪਹਿਲੀ ਵਾਰ ਸੱਤ ਦਿਨਾਂ ਲਈ ਮੁੱਖ ਮੰਤਰੀ ਬਣੇ ਸਨ। 24 ਨਵੰਬਰ 2005 ਨੂੰ ਉਹ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ। ਤੀਜੀ ਵਾਰ 26 ਨਵੰਬਰ 2010 ਨੂੰ ਉਹ ਬਿਹਾਰ ਵਿੱਚ ਸੱਤਾ ਵਿੱਚ ਆਏ ਸਨ। 22 ਫਰਵਰੀ 2015 ਨੂੰ ਨਿਤੀਸ਼ ਚੌਥੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ 20 ਨਵੰਬਰ 2015 ਨੂੰ ਉਨ੍ਹਾਂ ਨੂੰ ਪੰਜਵੀਂ ਵਾਰ ਮੁੱਖ ਮੰਤਰੀ ਦਾ ਤਾਜ ਪਹਿਨਾਇਆ ਗਿਆ। ਉਹ 27 ਜੁਲਾਈ 2017 ਨੂੰ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ। ਨਿਤੀਸ਼ ਕੁਮਾਰ ਦੀ 16 ਨਵੰਬਰ, 2020 ਨੂੰ ਸੱਤਵੀਂ ਵਾਰ ਮੁੱਖ ਮੰਤਰੀ ਵਜੋਂ ਤਾਜਪੋਸ਼ੀ ਹੋਈ ਸੀ। ਨਿਤੀਸ਼ ਕੁਮਾਰ ਨੇ ਅੱਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ 9 ਅਗਸਤ, 2022 ਨੂੰ ਸਹੁੰ ਚੁੱਕੀ । ਅੱਜ ਯਾਨੀ 28 ਜਨਵਰੀ ਨੂੰ ਸਹੁੰ ਚੁੱਕਣ ਦੇ ਨਾਲ ਹੀ ਨਿਤੀਸ਼ ਕੁਮਾਰ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਹਨ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਉਣ ਦੇ ਨਾਲ ਹੀ ਭਾਜਪਾ ਨੇ ਪਹਿਲਾਂ ਵਾਂਗ ਪਾਰਟੀ ਕੋਟੇ ਵਿੱਚੋਂ ਦੋ ਡਿਪਟੀ ਮੁੱਖ ਮੰਤਰੀ ਦਿੱਤੇ ਹਨ।