ਅੰਤਰਰਾਸ਼ਟਰੀ ਪੱਧਰ ‘ਤੇ ਪੈਟਰੋਲ ਦੀਆਂ ਕੀਮਤਾਂ 'ਚ ਵੱਡੇ ਫਰਕ ਨਾਲ ਵਾਧਾ ਹੋਇਆ, ਭਾਰਤ ਅੰਦਰ ਸਭ ਤੋਂ ਸਸਤਾ ਪੈਟਰੋਲ’ : ਪੁਰੀ

ਨਵੀਂ ਦਿੱਲੀ : ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਦੇ ਮੱਦੇਨਜ਼ਰ ਭਾਰਤ ‘ਚ ਪੈਟਰੋਲ ਦੀਆਂ ਕੀਮਤਾਂ ਸ਼ਾਇਦ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਘੱਟ ਹਨ। ਇੰਨਾ ਹੀ ਨਹੀਂ ਸੰਸਦ ਵਿੱਚ ਹਰਦੀਪ ਪੁਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵੱਡੇ ਫਰਕ ਨਾਲ ਵਾਧਾ ਹੋਇਆ ਹੈ। ਇਹ ਕਈ ਵਾਰ 40 ਜਾਂ 50 ਪ੍ਰਤੀਸ਼ਤ ਤੋਂ ਵੱਧ ਵਧਿਆ ਹੈ, ਜਦੋਂ ਕਿ ਅਜਿਹੇ ਸਮੇਂ ਵਿੱਚ ਵੀ ਭਾਰਤ ਵਿੱਚ ਪੈਟਰੋਲ ਦੀਆਂ ਕੀਮਤਾਂ 2021 ਤੋਂ 2022 ਦਰਮਿਆਨ ਸਿਰਫ 2 ਫੀਸਦੀ ਹੀ ਵਧੀਆਂ ਹਨ। ਕੇਂਦਰੀ ਮੰਤਰੀ ਦੇ ਇਸ ਦਾਅਵੇ ਤੋਂ ਬਾਅਦ ਹੁਣ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਹਰਦੀਪ ਪੁਰੀ ਦੇ ਇਸ ਦਾਅਵੇ ‘ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਬਹਿਸ ਵਿਚਾਲੇ ਸਵਾਲ ਉੱਠਦਾ ਹੈ ਕਿ ਕੀ ਭਾਰਤ ਵਿੱਚ ਪੈਟਰੋਲ ਅਸਲ ਵਿੱਚ ਦੁਨੀਆ ਦੇ ਮੁਕਾਬਲੇ ਸਸਤਾ ਮਿਲ ਰਿਹਾ ਹੈ। ਭਾਰਤ ਦੇ ਕਈ ਹਿੱਸਿਆਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਕਰੀਬ ਚੱਲ ਰਹੀ ਹੈ। ਆਮ ਲੋਕ ਲਗਾਤਾਰ ਸਰਕਾਰ ਤੋਂ ਪੈਟਰੋਲ ਦੀਆਂ ਕੀਮਤਾਂ ਘਟਾਉਣ ਦੀ ਮੰਗ ਕਰ ਰਹੇ ਹਨ। ਦੁਨੀਆ ਭਰ ਦੇ ਦੇਸ਼ਾਂ ‘ਚ ਪੈਟਰੋਲ ਦੀਆਂ ਕੀਮਤਾਂ ‘ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅਸਲ ‘ਚ ਕਈ ਦੇਸ਼ਾਂ ‘ਚ ਪੈਟਰੋਲ ਦੀਆਂ ਕੀਮਤਾਂ ਭਾਰਤ ਨਾਲੋਂ ਵੀ ਮਹਿੰਗੀਆਂ ਹਨ। ਕੁਝ ਮਹੀਨੇ ਪਹਿਲਾਂ ਬੈਂਕ ਆਫ ਬੜੌਦਾ ਇਕਨਾਮਿਕ ਰਿਸਰਚ ਨੇ ਦੁਨੀਆ ਭਰ ‘ਚ ਮਹਿੰਗੇ ਪੈਟਰੋਲ ਨੂੰ ਲੈ ਕੇ ਰਿਪੋਰਟ ਜਾਰੀ ਕੀਤੀ ਸੀ। ਰਿਪੋਰਟ ਮੁਤਾਬਕ ਮਹਿੰਗੇ ਪੈਟਰੋਲ ਦੇ ਮਾਮਲੇ ‘ਚ ਭਾਰਤ ਦੁਨੀਆ ਦੇ 106 ਦੇਸ਼ਾਂ ‘ਚੋਂ 42ਵੇਂ ਨੰਬਰ ‘ਤੇ ਸੀ। ਇਸ ਰਿਪੋਰਟ ‘ਚ ਦਾਅਵਾ ਕੀਤਾ ਗਿਆ ਸੀ ਕਿ ਬ੍ਰਿਟੇਨ, ਜਰਮਨੀ, ਫਰਾਂਸ, ਹਾਂਗਕਾਂਗ, ਇਟਲੀ, ਨੀਦਰਲੈਂਡ ਵਰਗੇ ਵਿਕਸਿਤ ਦੇਸ਼ ਦੁਨੀਆ ਦੇ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹਨ, ਜਿੱਥੇ ਭਾਰਤ ਤੋਂ ਮਹਿੰਗਾ ਪੈਟਰੋਲ ਵੇਚਿਆ ਜਾ ਰਿਹਾ ਹੈ, ਜਦਕਿ ਅਮਰੀਕਾ, ਚੀਨ, ਜਾਪਾਨ ਵਰਗੇ ਦੇਸ਼ਾਂ ਨੂੰ ਭਾਰਤ ਨਾਲੋਂ ਸਸਤਾ ਪੈਟਰੋਲ ਮਿਲ ਰਿਹਾ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤਕਾਰ ਅਤੇ ਦਰਾਮਦਕਾਰ ਹੈ। ਇੱਥੇ ਤੇਲ ਦੀਆਂ ਲੋੜਾਂ ਦਾ 85 ਫੀਸਦੀ ਦਰਾਮਦ ਕੀਤਾ ਜਾਂਦਾ ਹੈ। ਮਾੜੀ ਆਰਥਿਕ ਹਾਲਤ ਦੇ ਬਾਵਜੂਦ ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ ਭਾਰਤ ਨਾਲੋਂ ਘੱਟ ਹੈ। ਦਿੱਲੀ ‘ਚ ਪਿਛਲੇ ਕਾਫੀ ਸਮੇਂ ਤੋਂ ਪੈਟਰੋਲ ਦੀ ਕੀਮਤ 96.72 ਰੁਪਏ ਪ੍ਰਤੀ ਲੀਟਰ ਦੇ ਕਰੀਬ ਬਣੀ ਹੋਈ ਹੈ। ਜੇਕਰ ਇਸ ਕੀਮਤ ਨੂੰ ਪਾਕਿਸਤਾਨੀ ਰੁਪਏ ‘ਚ ਬਦਲਿਆ ਜਾਵੇ ਤਾਂ ਪਾਕਿਸਤਾਨੀ ਰੁਪਏ ‘ਚ ਇਸ ਦੀ ਕੀਮਤ 257.57 ਰੁਪਏ ਹੋਵੇਗੀ। ਇਸ ਦੇ ਨਾਲ ਹੀ ਸ਼੍ਰੀਲੰਕਾ ‘ਚ ਇਕ ਲੀਟਰ ਪੈਟਰੋਲ ਦੀ ਕੀਮਤ ਪਾਕਿਸਤਾਨੀ ਕਰੰਸੀ ‘ਚ 258.89 ਰੁਪਏ, ਭੂਟਾਨ ‘ਚ 244.98 ਰੁਪਏ, ਨੇਪਾਲ ‘ਚ 298.59 ਰੁਪਏ ਹੋਵੇਗੀ।