ਪਾਕਿਸਤਾਨ ਵਿੱਚ ਮਹਿੰਗਾਈ ਨੇ ਤੋੜੇ ਰਿਕਾਰਡ, ਦੁੱਧ 210 ਰੂਪੈ, ਚਿਕਨ 780 ਰੂਪੈ ਮਿਲ ਰਿਹਾ

ਕਰਾਚੀ (ਏਜੰਸੀ) : ਪਾਕਿਸਤਾਨ ਵਿਚ ਬਦਹਾਲ ਅਰਥ-ਵਿਵਸਥਾ ਵਿਚਾਲੇ ਖ਼ੁਰਾਕੀ ਪਦਾਰਥਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨਾਲ ਲੋਕਾਂ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਕਰਾਚੀ ਵਿਚ ਖੁੱਲ੍ਹੇ ਦੁੱਧ ਦੀ ਕੀਮਤ 190 ਪਾਕਿਸਤਾਨੀ ਰੁਪਏ ਤੋਂ ਵੱਧ ਕੇ 210 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦੋ ਦਿਨਾਂ ਵਿਚ ਬ੍ਰਾਇਲਰ ਚਿਕਨ ਦੇ ਭਾਅ ਵਿਚ 30-40 ਰੁਪਏ ਪ੍ਰਤੀ ਕਿੱਲੋ ਵੱਧ ਹੋਈ ਹੈ, ਇਹ 480 ਤੋਂ 500 ਰੁਪਏ ਪ੍ਰਤੀ ਕਿੱਲੋ ਮਿਲ ਰਿਹਾ ਹੈ। ਖੁੱਲ੍ਹੇ ਦੁੱਧ ’ਤੇ ਕਰਾਚੀ ਮਿਲਕ ਰਿਟੇਲਰਸ ਐਸੋਸੀਏਸ਼ਨ ਦੇ ਮੀਡੀਆ ਅਧਿਕਾਰੀ ਵਾਹੀਦ ਗੱਦੀ ਨੇ ਦਾਅਵਾ ਕੀਤਾ ਹੈ ਕਿ ਇਕ ਹਜ਼ਾਰ ਤੋਂ ਵੱਧ ਦੁਕਾਨਦਾਰ ਵਧੀਆਂ ਹੋਈਆਂ ਦਰਾਂ ’ਤੇ ਦੁੱਧ ਵੇਚ ਰਹੇ ਹਨ। ਇਹ ਅਸਲ ਵਿਚ ਥੋਕ ਵਿਕਰੇਤਾਵਾਂ, ਡੇਅਰੀ ਕਿਸਾਨਾਂ ਦੀਆਂ ਦੁਕਾਨਾਂ ਹਨ। ਉੱਥੇ, ਕੁਝ ਦਿਨ ਪਹਿਲਾਂ ਚਿਕਨ 620-650 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਸੀ ਜੋ ਹੁਣ 700-780 ਰੁਪਏ ਪ੍ਰਤੀ ਕਿੱਲੋ ਹੈ। ਬੋਨਲੋਸ ਮਾਸ ਦੀ ਕੀਮਤ 1,000-1,100 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ ’ਤੇ ਪਹੁੰਚ ਗਈ ਹੈ, ਇਸ ਵਿਚ 150-200 ਰੁਪਏ ਪ੍ਰਤੀ ਕਿੱਲੋ ਦੀ ਛਲਾਂਗ ਦਿਸਦੀ ਹੈ। ਰਾਇਟਰ ਮੁਤਾਬਕ, ਬੇਲਆਊਟ ਪੈਕੇਜ ਨੂੰ ਲੈ ਕੇ ਕੌਮਾਂਤਰੀ ਮੁਦਰਾ ਕੋਸ਼ ਦੇ ਨਾਲ ਪਾਕਿਸਤਾਨ ਸਰਕਾਰ ਦੀ ਵਰਚੁਅਲੀ ਗੱਲਬਾਤ ਮੁੜ ਸ਼ੁਰੂ ਹੋ ਰਹੀ ਹੈ। ਲੰਘੀ ਨੌਂ ਫਰਵਰੀ ਨੂੰ ਆਈਐੱਮਐੱਫ ਟੀਮ ਦੇ ਨਾਲ ਪਾਕਿਸਤਾਨ ਸਰਕਾਰ ਦੀ ਦਸ ਦਿਨਾਂ ਦੀ ਗੱਲਬਾਤ ਬਿਨਾਂ ਕਰਮਚਾਰੀ ਪੱਧਰ ਦੇ ਸਮਝੌਤੇ ਦੇ ਸਮਾਪਤ ਹੋ ਗਈ ਸੀ। ਇਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਅਸੀਂ ਆਈਐੱਮਐੱਫ ਦੀਆਂ ਸ਼ਰਤਾਂ ਮੰਨਣ ਲਈ ਤਿਆਰ ਹਾਂ, ਬਸ ਕੁਝ ਪ੍ਰਕਿਰਿਆ ਚੱਲ ਰਹੀ ਹੈ, ਜਿਸ ਨੂੰ ਵਰਚੁਅਲ ਗੱਲਬਾਤ ਨਾਲ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ। ਸੱਤ ਅਰਬ ਡਾਲਰ ਦੇ ਪੈਕੇਜ ਵਿਚੋਂ 1.1 ਅਰਬ ਡਾਲਰ ਤੁਰੰਤ ਜਾਰੀ ਕਰਨ ’ਤੇ ਗੱਲਬਾਤ ਚੱਲ ਰਹੀ ਹੈ।