ਇੰਦੌਰ ਨੂੰ ਲਗਾਤਾਰ ਛੇਵੀਂ ਵਾਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਹੋਣ ਦਾ ਮਾਣ ਮਿਲਿਆ

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਇੰਦੌਰ ਨੂੰ ਲਗਾਤਾਰ ਛੇਵੀਂ ਵਾਰ ਦੇਸ਼ ਦਾ ਸਭ ਤੋਂ ਸਾਫ਼ ਸ਼ਹਿਰ ਹੋਣ ਦਾ ਮਾਣ ਮਿਲਿਆ ਹੈ। ਇਸ ਤੋਂ ਬਾਅਦ ਗੁਜਰਾਤ ਵਿੱਚ ਸੂਰਤ ਅਤੇ ਮਹਾਰਾਸ਼ਟਰ ਵਿੱਚ ਨਵੀਂ ਮੁੰਬਈ ਦਾ ਨੰਬਰ ਆਉਂਦਾ ਹੈ। ਕੇਂਦਰ ਸਰਕਾਰ ਦੇ ਸਾਲਾਨਾ ਸਵੱਛਤਾ ਸਰਵੇਖਣ ਦਾ ਨਤੀਜਾ ਸ਼ਨੀਵਾਰ ਨੂੰ ਜਾਰੀ ਕੀਤਾ ਗਿਆ। ਇਸ ਸਰਵੇਖਣ ਵਿਚ ਪੰਜਾਬ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਆਯੋਜਿਤ ਇੱਕ ਸਮਾਰੋਹ ਵਿੱਚ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ। ਹੁਣ ਸਫ਼ਾਈ ਮਿਸ਼ਨ ਤਹਿਤ ਕੂੜਾ ਮੁਕਤ ਸ਼ਹਿਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਵਿਜੇਵਾੜਾ ਦੀ ਥਾਂ ਨਵੀਂ ਮੁੰਬਈ ਨੂੰ ਦਰਜਾ ਮਿਲਿਆ
ਸਰਵੇਖਣ ਤੋਂ ਬਾਅਦ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਵਿਚ ਸਭ ਤੋਂ ਉੱਪਰ ਮੱਧ ਪ੍ਰਦੇਸ਼ ਦਾ ਨਾਂ ਹੈ, ਜਿਸ ਨੂੰ ਸਵੱਛ ਸਰਵੇਖਣ ਸਨਮਾਨ 2022 ਦਿੱਤਾ ਜਾਵੇਗਾ। ਇਸ ਤੋਂ ਬਾਅਦ ਗੁਜਰਾਤ ਅਤੇ ਮਹਾਰਾਸ਼ਟਰ ਦਾ ਨੰਬਰ ਆਉਂਦਾ ਹੈ। ਇਸ ਸਾਲ ਇੰਦੌਰ ਅਤੇ ਸੂਰਤ ਵੱਡੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਹਨ, ਜਦੋਂ ਕਿ ਵਿਜੇਵਾੜਾ ਨੂੰ ਇਸ ਵਾਰ ਨਵੀਂ ਮੁੰਬਈ ਨੇ ਬਦਲ ਦਿੱਤਾ ਹੈ।
-ਤ੍ਰਿਪੁਰਾ 100 ਤੋਂ ਘੱਟ ਸ਼ਹਿਰੀ ਸਥਾਨਕ ਸੰਸਥਾਵਾਂ ਵਾਲੇ ਰਾਜਾਂ ਦੀ ਸੂਚੀ ਵਿੱਚ ਸਿਖ਼ਰ 'ਤੇ ਹੈ।
-ਇੱਕ ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ, ਮਹਾਰਾਸ਼ਟਰ ਦੇ ਪੰਚਗਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਇਸ ਤੋਂ ਬਾਅਦ ਛੱਤੀਸਗੜ੍ਹ ਦੇ ਪਾਟਨ ਅਤੇ ਫਿਰ ਮਹਾਰਾਸ਼ਟਰ ਦੇ ਕਰਹਾਡ ਨੇ ਸਥਾਨ ਪ੍ਰਾਪਤ ਕੀਤਾ।
-ਹਰਿਦੁਆਰ ਨੂੰ 1 ਲੱਖ ਤੋਂ ਵੱਧ ਆਬਾਦੀ ਵਾਲੇ ਵਰਗ ਵਿੱਚ ਸਭ ਤੋਂ ਸਾਫ਼ ਗੰਗਾ ਸ਼ਹਿਰ ਦਾ ਸਨਮਾਨ ਮਿਲਿਆ ਹੈ। ਹਰਿਦੁਆਰ ਤੋਂ ਬਾਅਦ ਵਾਰਾਣਸੀ ਅਤੇ ਫਿਰ ਰਿਸ਼ੀਕੇਸ਼ ਨੂੰ ਇਹ ਸਨਮਾਨ ਮਿਲਿਆ।