ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਦੋਸਤਾਨਾ ਸਬੰਧ ਹਨ ਤੇ ਉਹ ਦੋਸਤਾਨਾ ਸਬੰਧ ਬਣਾਈ ਵੀ ਰੱਖਣਾ ਚਾਹੁੰਦਾ ਹੈ : ਰਾਜਨਾਥ ਸਿੰਘ

ਤਿਰੁਵਨੰਤਪੁਰਮ (ਪੀਟੀਆਈ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਦੋਸਤਾਨਾ ਸਬੰਧ ਹਨ ਤੇ ਉਹ ਦੋਸਤਾਨਾ ਸਬੰਧ ਬਣਾਈ ਵੀ ਰੱਖਣਾ ਚਾਹੁੰਦਾ ਹੈ। ਪਰ ਅਜਿਹਾ ਰਾਸ਼ਟਰੀ ਸੁਰੱਖਿਆ ਦੀ ਕੀਮਤ ’ਤੇ ਬਿਲਕੁਲ ਨਹੀਂ ਕੀਤਾ ਜਾਵੇਗਾ। ਸਿਵਗਿਰੀ ਮੱਠ ਦੇ 90ਵੇਂ ਸਾਲਾਨਾ ਤੀਰਥ ’ਤੇ ਸ਼ੁੱਕਰਵਾਰ ਨੂੰ ਰੱਖਿਆ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਬਿਆਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਅਸੀਂ ਦੋਸਤ ਬਦਲ ਸਕਦੇ ਹਾਂ ਪਰ ਗੁਆਂਢੀ ਨਹੀਂ। ਇਸ ਲਈ ਸਾਨੂੰ ਆਪਣੇ ਗੁਆਂਢੀਆਂ ਨਾਲ ਚੰਗੇ ਤੇ ਦੋਸਤਾਨਾ ਸਬੰਧਾਂ ਦੀ ਲੋੜ ਹੈ। ਪਰ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣ ਲਈ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕੇਰਲ ਦੇ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਦੀਆਂ ਸਿੱਖਿਆਵਾਂ ਜਿਵੇਂ- ‘ਇੰਡਸਟਰੀ ਤੋਂ ਖੁਸ਼ਹਾਲੀ’ ਨੂੰ ਭਾਰਤ ਸਰਕਾਰ ਦੀ ਆਤਮਨਿਰਭਰ ਭਾਰਤ ਨੀਤੀ ਦਾ ਆਧਾਰ ਦੱਸਿਆ। ਰਾਜਨਾਥ ਸਿੰਘ ਨੇ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਦੁਨੀਆ ਸਾਡੇ ਅਰਥਚਾਰੇ ਨੂੰ ਦੁਨੀਆ ਦੇ ਪੰਜ ਸਰਬ ਉੱਚ ਅਰਥਚਾਰਿਆਂ ’ਚ ਸ਼ਾਮਲ ਕਰ ਰਹੀ ਹੈ। ਨਾਲ ਹੀ ਸਾਡੀਆਂ ਫ਼ੌਜਾਂ ਦੀ ਬਹਾਦਰੀ ਲਈ ਮਾਨਤਾ ਹੈ। ਉਹ ਪ੍ਰਧਾਨ ਮੰਤਰੀ ਮੋਦੀ ਦੇ ਦਿਸ਼ਾ ਨਿਰਦੇਸ਼ ’ਚ ਆਰਮਡ ਦਸਤਿਆਂ ਦੀ ਮਦਦ ਨਾਲ ਭਾਰਤ ਦੇ ਸਰੀਰ ਯਾਨੀ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਲਈ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਮੱਠ ਦੇ ਸੰਤ ਦੇਸ਼ ਦੀ ਆਤਮਾ ਦੀ ਰੱਖਿਆ ਕਰਨ ’ਤੇ ਕੰਮ ਕਰ ਰਹੇ ਹਨ। ਉਹ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦੇ ਹਨ। ਅਸੀਂ ਇਕ ਦੇਸ਼ ਵਾਂਗ ਤਦੇ ਜੀਵੰਤ ਰਹਿ ਸਕਦੇ ਹਾਂ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਾਲ ਸਾਲਾਨਾ ਤੀਰਥਾਟਨ ’ਚ ਵੀ ਵੱਡੀ ਕਾਮਯਾਬੀ ਮਿਲੇਗੀ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਭਾਸ਼ਣ ’ਚ ਕਿਹਾ ਕਿ ਇਹ ਗ਼ਲਤ ਧਾਰਨਾ ਹੈ ਕਿ ਭਾਰਤੀ ਰਵਾਇਤਾਂ ਤੇ ਆਦਰਸ਼ਾਂ ’ਚ ਬਰਾਬਰੀ, ਸੁਤੰਤਰਤਾ ਤੇ ਭਾਈਚਾਰੇ ਦਾ ਅਹਿਸਾਸ ਫਰਾਂਸੀਸੀ ਕ੍ਰਾਂਤੀ ਤੋਂ ਬਾਅਦ ਆਇਆ। ਸਾਡੀ ਭਾਰਤੀ ਸੰਸਕ੍ਰਿਤੀ ’ਚ ਬਰਾਬਰੀ, ਸੁਤੰਤਰਤਾ, ਭਾਈਚਾਰਾ ਤੇ ਵਿਸ਼ਵ ਸ਼ਾਂਤੀ ਦੀ ਭਾਵਨਾ ਪ੍ਰਾਚੀਨ ਕਾਲ ਤੋਂ ਹੈ। ਸਾਡੇ ਪ੍ਰਾਚੀਨ ਗ੍ਰੰਥਾਂ ’ਚ ਇਸ ਸਭ ਦਾ ਜ਼ਿਕਰ ਹੈ।