‘ਸੱਤਾਧਾਰੀ ਪਾਰਟੀ ਦੀ ਲੁੱਟ, ਝੂਠ, ਹੰਕਾਰ ਤੇ ਨਫਰਤ ਤੋਂ ਛੁਟਕਾਰਾ ਪਾਏ ਬਿਨਾਂ ਭਾਰਤ ਤਰੱਕੀ ਨਹੀਂ ਕਰ ਸਕਦਾ’ : ਸੋਨੀਆ ਗਾਂਧੀ

ਹੁਬਲੀ, 07 ਮਈ : ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਲਈ ਪਹਿਲੀ ਵਾਰ ਸੋਨੀਆ ਗਾਂਧੀ ਦੀ ਐਂਟਰੀ ਹੋਈ। ਇਥੇ ਇਕ ਜਨਸਭਾ ’ਚ ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨੇ ਭਾਜਪਾ ਨੂੰ ਜੰਮ ਕੇ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ, ‘ਸੱਤਾਧਾਰੀ ਪਾਰਟੀ ਦੀ ਲੁੱਟ, ਝੂਠ, ਹੰਕਾਰ ਤੇ ਨਫਰਤ ਤੋਂ ਛੁਟਕਾਰਾ ਪਾਏ ਬਿਨਾਂ ਕਰਨਾਟਕ ਅਤੇ ਬਾਕੀ ਭਾਰਤ ਤਰੱਕੀ ਨਹੀਂ ਕਰ ਸਕਦਾ।’ ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਦੀ ਅਗਵਾਈ ਵਿਚ ਭਾਰਤ ਜੋੜੋ ਯਾਤਰਾ ਨਫਰਤ ਫੈਲਾਉਣ ਵਾਲਿਆਂ ਦੇ ਖਿਲਾਫ਼ ਹੀ ਸੀ। ਇਹੀ ਕਾਰਨ ਸੀ ਕਿ ਰਾਹੁਲ ਗਾਂਧੀ ਦੇ 4 ਹਜ਼ਾਰ ਕਿਲੋਮੀਟਰ ਲੰਬੇ ਇਸ ਮਾਰਚ ਵਿਚ ਲੱਖਾਂ ਲੋਕ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਜਨਤਾ ਭਾਜਪਾ ਦੀਆਂ ਨੀਤੀਆਂ ਤੋਂ ਤੰਗ ਆ ਚੁੱਕੀ ਹੈ ਅਤੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕੀ ਤੁਹਾਨੂੰ ਨਹੀਂ ਲੱਗਦਾ ਕਿ ਡਕੈਤੀ ਸੱਤਾ ਵਾਲਿਆਂ ਦਾ ਧੰਦਾ ਬਣ ਗਈ ਹੈ। ਤੁਸੀਂ 2018 ’ਚ ਉਨ੍ਹਾਂ ਨੂੰ ਸੱਤਾ ਨਹੀਂ ਦਿੱਤੀ ਸੀ ਪਰ ਉਨ੍ਹਾਂ ਨੇ ਸਰਕਾਰ ’ਤੇ ਕਬਜ਼ਾ ਕਰ ਲਿਆ ਅਤੇ ਸੂਬੇ ਨੂੰ ਲੁੱਟਿਆ। ਫਿਰ ਉਨ੍ਹਾਂ ਦੀ ਸਰਕਾਰ 40 ਫੀਸਦੀ ਕਮਿਸ਼ਨ ਲੁੱਟਣ ਵਿਚ ਰੁੱਝ ਗਈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਕਾਲੇ ਸ਼ਾਸਨ ਦੇ ਖ਼ਿਲਾਫ਼ ਸਾਨੂੰ ਸਭ ਨੂੰ ਮਿਲ ਕੇ ਲੜਨਾ ਹੋਵੇਗਾ। ਸੋਨੀਆ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਨੇਤਾ ਹੰਕਾਰੀ ਹਨ ਅਤੇ ਉਹ ਕਦੇ ਕਿਸੇ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ। ਉਹ ਸੋਚਦੇ ਹਨ ਕਿ ਲੋਕਤੰਤਰਿਕ ਸਿਧਾਂਤ ਉਨ੍ਹਾਂ ਦੀ ਜੇਬ ਵਿਚ ਹਨ। ਉਨ੍ਹਾਂ ਕਿਹਾ ਕਿ ਕਰਨਾਟਕ ’ਚ ਭਾਜਪਾ ਵਿਰੋਧੀ ਲਹਿਰ ਚੱਲ ਰਹੀ ਹੈ। ਇਸ ਤੋਂ ਉਹ ਪਰੇਸ਼ਾਨ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਦਮਨ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਨੇਤਾ ਖੁੱਲ੍ਹੇਆਮ ਧਮਕੀਆਂ ਦਿੰਦੀਆਂ ਹਨ ਕਿ ਜੇ ਪਾਰਟੀ ਚੋਣ ਵਿਚ ਹਾਰ ਗਈ ਤਾਂ ਕਰਨਾਟਕ ਨੂੰ ਪੀਐੱਮ ਮੋਦੀ ਦਾ ਅਸ਼ੀਰਵਾਦ ਨਹੀਂ ਮਿਲੇਗਾ। ਸੋਨੀਆ ਗਾਂਧੀ ਨੇ ਕਿਹਾ ਕਿ ਕਰਨਾਟਕ ਦੇ ਲੋਕ ਇੰਨੇ ਡਰਪੋਕ ਤੇ ਲਾਲਚੀ ਨਹੀਂ ਹਨ। ਰਾਜ ਦੇ ਲੋਕ ਆਪਣੀ ਮਿਹਨਤ ’ਤੇ ਭਰੋਸਾ ਕਰਦੇ ਹਨ। ਕਰਨਾਟਕ ਨੂੰ ਕਿਸੇ ਨੇਤਾ ਦੇ ਅਸ਼ੀਰਵਾਦ ਦੀ ਲੋੜ ਨਹੀਂ ਹੈ।