ਜੇਕਰ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਓ.ਬੀ.ਸੀ.ਦੀ ਸਹੀ ਗਿਣਤੀ ਜਾਣਨ ਲਈ ਜਾਤ ਅਧਾਰਤ ਮਰਦਮਸ਼ੁਮਾਰੀ ਕਰਵਾਉਣਗੇ : ਰਾਹੁਲ ਗਾਂਧੀ 

ਭੋਪਾਲ, 30 ਸਤੰਬਰ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਦੇਸ਼ ਅੰਦਰ ਹੋਰ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਲੋਕਾਂ ਦੀ ਸਹੀ ਗਿਣਤੀ ਜਾਣਨ ਲਈ ਜਾਤ ਆਧਾਰਤ ਮਰਦਮਸ਼ੁਮਾਰੀ ਕਰਵਾਏਗੀ। ਰਾਹੁਲ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਦੇ ਕਾਲਾਪੀਪਲ ਵਿਧਾਨ ਸਭਾ ਹਲਕੇ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਅਸੀਂ ਹਰ ਕਿਸੇ ਦੀ ਸ਼ਮੂਲੀਅਤ ਚਾਹੁੰਦੇ ਹਾਂ। ਇਹ ਸਾਰਿਆਂ ਦਾ ਭਾਰਤ ਹੈ। ਸਿਰਫ਼ ਕੁਝ ਉਦਯੋਗਪਤੀਆਂ ਦਾ ਨਹੀਂ। ਸੱਤਾ ’ਚ ਆਉਣ ਤੋਂ ਤੁਰਤ ਬਾਅਦ, ਅਸੀਂ ਸਭ ਤੋਂ ਪਹਿਲਾਂ ਦੇਸ਼ ’ਚ ਓ.ਬੀ.ਸੀ., ਐਸ.ਸੀ., ਐਸ.ਟੀ. ਅਤੇ ਜਨਰਲ ਵਰਗ ਦੀ ਸਹੀ ਗਿਣਤੀ ਜਾਣਨ ਲਈ ਜਾਤੀ ਅਧਾਰਤ ਜਨਗਣਨਾ ਕਰਾਂਗੇ, ਕਿਉਂਕਿ ਕੋਈ ਵੀ ਉਨ੍ਹਾਂ ਦੀ ਸਹੀ ਗਿਣਤੀ ਨਹੀਂ ਜਾਣਦਾ।’’ ਉਨ੍ਹਾਂ ਅੱਗੇ ਕਿਹਾ, ‘‘ਜਾਤ ਅਧਾਰਤ ਮਰਦਮਸ਼ੁਮਾਰੀ ਭਾਰਤ ਦੇ ਸਭ ਤੋਂ ਵੱਡੇ ਮੁੱਦਿਆਂ ’ਚੋਂ ਇਕ ਹੈ। ਕਿੰਨੇ ਲੋਕ ਓ.ਬੀ.ਸੀ. ਹਨ? ਉਨ੍ਹਾਂ ਦੀ ਹਿੱਸੇਦਾਰੀ ਕੀ ਹੋਣੀ ਚਾਹੀਦੀ ਹੈ? ਜਦੋਂ ਮੈਂ ਇਹ ਸਵਾਲ ਚੁਕਿਆ ਤਾਂ ਭਾਜਪਾ ਕੰਬਣ ਲੱਗ ਪਈ। ਨਰਿੰਦਰ ਮੋਦੀ ਭੱਜਣ ਲੱਗ ਪਏ। ਅਮਿਤ ਸ਼ਾਹ ਹਿੰਦੂ-ਮੁਸਲਿਮ ਖੇਡਣਗੇ।’’ ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਦੇਸ਼ ਨੂੰ ਕੈਬਨਿਟ ਸਕੱਤਰਾਂ ਅਤੇ ਸਕੱਤਰਾਂ ਸਮੇਤ ਸਿਰਫ਼ 90 ਅਧਿਕਾਰੀਆਂ ਵਲੋਂ ਚਲਾਇਆ ਜਾ ਰਿਹਾ ਹੈ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਦੇਸ਼ ਦੀਆਂ ਨੀਤੀਆਂ ਤੇ ਕਾਨੂੰਨ ਬਣਾਉਣ ’ਚ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇ ਚੁਣੇ ਹੋਏ ਮੈਂਬਰਾਂ ਦੀ ਬਜਾਏ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੈਂਬਰ ਅਤੇ ਨੌਕਰਸ਼ਾਹ ਕਾਨੂੰਨ ਬਣਾ ਰਹੇ ਹਨ। ਮੱਧ ਪ੍ਰਦੇਸ਼ ਨੂੰ ਦੇਸ਼ ’ਚ ਭ੍ਰਿਸ਼ਟਾਚਾਰ ਦਾ ‘ਕੇਂਦਰ’ ਕਰਾਰ ਦਿੰਦਿਆਂ ਰਾਹੁਲ ਨੇ ਕਿਹਾ, ‘‘ਵਿਆਪਮ ਵਰਗੇ ਘਪਲਿਆਂ ਨੇ ਸੂਬੇ ਨੂੰ ਹਿਲਾ ਕੇ ਰੱਖ ਦਿਤਾ ਹੈ। ਐੱਮ.ਬੀ.ਬੀ.ਐੱਸ. ਦੀਆਂ ਸੀਟਾਂ ਵਿਕਦੀਆਂ ਹਨ, ਇਮਤਿਹਾਨ ਦੇ ਪੇਪਰ ਵਿਕਦੇ ਹਨ, ਲੀਕ ਹੁੰਦੇ ਹਨ ਅਤੇ ਬੱਚਿਆਂ ਦੇ ਖਾਣੇ, ਵਰਦੀਆਂ ਤੋਂ ਇਲਾਵਾ ਮਹਾਕਾਲ ਲੋਕ ਕਾਰੀਡੋਰ ਦੇ ਨਿਰਮਾਣ ’ਚ ਵੀ ਚੋਰੀਆਂ ਹੋਈਆਂ ਸਨ।’’ ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ’ਚ ਪਿਛਲੇ 18 ਸਾਲਾਂ ਦੌਰਾਨ 18,000 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਉਨ੍ਹਾ ਦੋਸ਼ ਲਾਇਆ, ‘‘ਇਸ ਦਾ ਮਤਲਬ ਹੈ ਕਿ ਸੂਬੇ ਅੰਦਰ ਹਰ ਰੋਜ਼ ਤਿੰਨ ਕਿਸਾਨ ਅਪਣੀਆਂ ਜਾਨਾਂ ਕੁਰਬਾਨ ਕਰਦੇ ਹਨ।’’