ਸੰਸਦ ਵਿਚ ਅਡਾਨੀ ‘ਤੇ ਮੈਂ ਕੁਝ ਗਲਤ ਨਹੀਂ ਬੋਲਿਆ, ਚਾਹੇ ਤਾਂ ਲੋਕ ਗੂਗਲ ਕਰ ਸਕਦੇ ਹਨ : ਰਾਹੁਲ ਗਾਂਧੀ 

ਨਵੀਂ ਦਿੱਲੀ, 13 ਫਰਵਰੀ : ਲੋਕ ਸਭਾ ਵਿਚ ਗੌਤਮ ਅਡਾਨੀ ਨੂੰ ਲੈ ਕੇ ਰਾਹੁਲ ਗਾਂਧੀ ਨੇ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ, ਵਿਵਾਦ ਭਖਦਾ ਜਾ ਰਿਹਾ ਹੈ। ਰਾਹੁਲ ਨੂੰ ਲੋਕ ਸਭਾ ਵੱਲੋਂ ਨੋਟਿਸ ਵੀ ਦਿੱਤਾ ਜਾ ਚੁੱਕਾ ਹੈ। ਹੁਣ ਇਸ ਨੋਟਿਸ ‘ਤੇ ਰਾਹੁਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਸਦ ਵਿਚ ਕੁਝ ਵੀ ਗਲਤ ਨਹੀਂ ਬੋਲਿਆ ਹੈ, ਚਾਹੇ ਲੋਕ ਤਾਂ ਗੂਗਲ ਵੀ ਕਰ ਸਕਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਸਦਨ ਵਿਚ ਪੀਐੱਮ ਮੋਦੀ ਤੇ ਅਡਾਨੀ ਦੇ ਰਿਸ਼ਤੇ ‘ਤੇ ਭਾਸ਼ਣ ਦਿੱਤਾ ਸੀ। ਕਾਫੀ ਸ਼ਾਂਤੀ ਤੇ ਤਹਿਜ਼ੀਬ ਨਾਲ ਮੈਂ ਆਪਣੀ ਗੱਲ ਰੱਖੀ ਸੀ, ਕੋਈ ਖਰਾਬ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ ਸੀ। ਮੇਰੇ ਵੱਲੋਂ ਸਿਰਫ ਕੁਝ ਤੱਥ ਸਾਹਮਣੇ ਰੱਖੇ ਗਏ ਸਨ। ਮੈਂ ਦੱਸਿਆ ਸੀ ਕਿ ਕਿਵੇਂ ਅਡਾਨੀ ਪੀਐੱਮ ਨਾਲ ਵਿਦੇਸ਼ ਦੌਰੇ ‘ਤੇ ਜਾਂਦੇ ਸਨ ਤੇ ਫਿਰ ਉਨ੍ਹਾਂ ਨੂੰ ਵੱਡੇ ਕਾਂਟ੍ਰੈਕਟ ਮਿਲ ਜਾਂਦੇ ਸਨ, ਕਿਸ ਤਰ੍ਹਾਂ ਤੋਂ 30 ਫੀਸਦੀ ਏਅਰਪੋਰਟ ਟ੍ਰੈਫਿਕ ਅਡਾਨੀ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਹੈ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪੂਰੀ ਸਪੀਚ ਨੂੰ ਐਡਿਟ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹੁਣ ਤਾਂ ਅਜਿਹਾ ਲੱਗਣ ਲੱਗਾ ਹੈ ਕਿ ਅਡਾਨੀ ਤੇ ਅੰਬਾਨੀ ਦੀ ਗੱਲ ਕਰਨਾ ਹੀ ਪੀਐੱਮ ਦਾ ਅਪਮਾਨ ਹੈ। ਰਾਹੁਲ ਨੇ ਤਰਕ ਦਿੱਤਾ ਹੈ ਕਿ ਸਦਨ ਵਿਚ ਕਿਸੇ ਦੇ ਭਾਸ਼ਣ ਨੂੰ ਸਿਰਫ ਉਦੋਂ ਹਟਾਇਆ ਜਾਂਦਾ ਹੈ ਜਦੋਂ ਬਿਨਾਂ ਤੱਥ ਦੇ ਕੋਈ ਗੱਲ ਰੱਖੀ ਜਾਵੇ ਪਰ ਉਨ੍ਹਾਂ ਵੱਲੋਂ ਸਾਰੇ ਬਿਆਨ ਤੱਥਾਂ ਦੇ ਆਧਾਰ ‘ਤੇ ਬਣਾ ਕੇ ਦਿੱਤੇ ਗਏ ਸਨ।