ਭਾਰਤ ਵਿੱਚ ਅਗਲੇ ਤਿੰਨ ਮਹੀਨਿਆਂ ਵਿੱਚ ਗਰਮੀ ਕਾਰਨ ਜਨਜੀਵਨ ‘ਤੇ ਪਵੇਗਾ ਅਸਰ : ਮੌਸਮ ਵਿਭਾਗ

ਨਵੀਂ ਦਿੱਲੀ, 01 ਮਾਰਚ : ਇਸ ਸਾਲ ਫਰਵਰੀ ਵਿੱਚ ਅਸੀਂ ਪਹਿਲਾਂ ਹੀ ਮਈ ਦੀ ਗਰਮੀ ਮਹਿਸੂਸ ਕਰ ਚੁੱਕੇ ਹਾਂ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਬੀਤੇ 122 ਸਾਲਾਂ ਵਿੱਚ ਇਸ ਵਾਰ ਦੀ ਫਰਵਰੀ ਸਭ ਤੋਂ ਵੱਧ ਗਰਮ ਰਹੀ। ਇਸ ਦੌਰਾਨ ਦਿਨ ਦਾ ਔਸਤ ਤਾਪਮਾਨ ਆਮ ਨਾਲੋਂ 1.73 ਡਿਗਰੀ ਸੈਲਸੀਅਸ ਵੱਧ ਰਿਹਾ। ਇਸ ਨਾਲ ਪਹਿਲਾ ਫਰਵਰੀ ਵਿੱਚ ਅਜਿਹਾ ਤਾਪਮਾਨ 1901 ਵਿੱਚ ਰਿਕਾਰਡ ਕੀਤਾ ਗਿਆ ਸੀ, ਜਦੋਂ ਔਸਤ ਤਾਪਮਾਨ ਆਮ ਨਾਲੋਂ 0.81 ਡਿਗਰੀ ਸੈਲਸੀਅਸ ਵੱਧ ਰਿਹਾ ਸੀ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ 3 ਮਹੀਨਿਆਂ ਵਿੱਚ ਗਰਮੀ ਲੋਕਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਕਈ ਇਲਾਕਿਆਂ ਵਿੱਚ ਤਾਪਮਾਨ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਜ਼ਿਆਦਾ ਰਹਿਣ ਤੇ ਲੂ ਚੱਲਣ ਦੀ ਸੰਭਾਵਨਾ ਹੈ। ਦਿਨ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰ-ਪੂਰਬੀ, ਪੂਰਬੀ ਤੇ ਮੱਧ ਭਾਰਤ ਦੇ ਨਾਲ ਹੀ ਨਾਰਥ ਵੈਸਟ ਰੀਜ਼ਨ ਵਿੱਚ ਮਾਰਚ ਤੋਂ ਤਾਪਮਾਨ ਵਿੱਚ ਔਸਤ ਦੀ ਤੁਲਨਾ ਵਿੱਚ ਵਾਧਾ ਹੋ ਜਾਵੇਗਾ। ਭਾਰਤ ਵਿੱਚ ਅਗਲੇ ਤਿੰਨ ਮਹੀਨਿਆਂ ਵਿੱਚ ਗਰਮੀ ਕਾਰਨ ਜਨਜੀਵਨ ‘ਤੇ ਅਸਰ ਪਵੇਗਾ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਗਰਮੀ ਦਾ ਅਸਰ ਮਾਰਚ ਤੋਂ ਹੀ ਦੇਖਣ ਨੂੰ ਮਿਲ ਸਕਦਾ ਹੈ। ਕੁਝ ਸਾਲ ਪਹਿਲਾਂ ਤੱਕ ਮਾਰਚ ਵਿੱਚ ਹੋਲੀ ਦੇ ਬਾਅਦ ਤੱਕ ਠੰਡ ਦਾ ਅਸਰ ਦੇਖਿਆ ਜਾਂਦਾ ਸੀ, ਪਰ ਇਸ ਵਾਰ ਮਾਮਲਾ ਉਲਟਾ ਸਾਬਿਤ ਹੋਵੇਗਾ। ਭਾਰਤੀ ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਦਿੱਲੀ, ਯੂਪੀ ਤੇ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਤਾਪਮਾਨ 30-32 ਡਿਗਰੀ ਸੈਲਸੀਅਸ ਦੇ ਵਿਚਾਲੇ ਹੈ। ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3 ਮਹੀਨਿਆਂ ਦੇ ਦੌਰਾਨ ਦਿਨ ਵਿੱਚ ਝੁਲਸਾ ਦੇਣ ਵਾਲੀ ਗਰਮੀ ਰਹੇਗੀ ਤੇ ਰਾਤ ਦਾ ਤਾਪਮਾਨ ਵੀ ਔਸਤ ਤੋਂ ਜ਼ਿਆਦਾ ਰਹਿਣ ਦਾ ਖਦਸ਼ਾ ਹੈ। ਉੱਥੇ ਹੀ ਗੁਜਰਾਤ, ਮਹਾਰਾਸ਼ਟਰ, ਉੱਤੇ ਪ੍ਰਦੇਸ਼ ਤੇ ਰਾਜਸਥਾਨ ਵਿੱਚ ਲੂ ਚੱਲਣ ਤੇ ਰਾਤ ਦਾ ਤਾਪਮਾਨ ਵੱਧ ਰਹਿ ਸਕਦਾ ਹੈ।