ਸਰਕਾਰ ਕਿਸਾਨਾਂ ਦੇ ਕਲਿਆਣ ਦੇ ਲਈ ਵਚਨਬੱਧ ਹੈ : ਪੀਐੱਮ ਮੋਦੀ 

ਨਵੀਂ ਦਿੱਲੀ, 22 ਫਰਵਰੀ :  ਕਿਸਾਨਾਂ ਦੇ ‘ਦਿੱਲੀ ਚੱਲੋ ਮਾਰਚ’ ਵਿਚਾਲੇ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਬੁੱਧਵਾਰ ਨੂੰ ਹੋਈ ਕੇਂਦਰ ਦੀ ਕੈਬਨਿਟ ਬੈਠਕ ਵਿੱਚ ਗੰਨਾ ਕਿਸਾਨਾਂ ਦੇ ਹਿੱਤ ਵਿੱਚ ਅਹਿਮ ਫੈਸਲਾ ਲਿਆ ਗਿਆ। ਕੈਬਨਿਟ ਨੇ ਗੰਨਾ ਖਰੀਦ ਦੀ ਕੀਮਤ 25 ਰੁਪਏ ਪ੍ਰਤੀ ਕੁਇੰਟਲ ਵਧਾਉਣ ਦੀ ਮਨਜ਼ੂਰੀ ਦਿੱਤੀ। ਗੰਨਾ ਖਰੀਦ ਦੀ ਕੀਮਤ ਨੂੰ 315 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 340 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗੀ। ਸਰਕਾਰ ਦੇ ਇਸ ਫੈਸਲੇ ‘ਤੇ ਹੁਣ ਪੀਐੱਮ ਮੋਦੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪੀਐੱਮ ਮੋਦੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਕਲਿਆਣ ਦੇ ਲਈ ਵਚਨਬੱਧ ਹੈ। ਪੀਐੱਮ ਮੋਦੀ ਨੇ ਇਸ ਬਾਰੇ ਟਵੀਟ ਕਰਦਿਆਂ ਲਿਖਿਆ, “ਦੇਸ਼ ਭਰ ਵਿੱਚ ਆਪਣੇ ਕਿਸਾਨ ਭੈਣ-ਭਰਾਵਾਂ ਦੇ ਕਲਿਆਣ ਨਾਲ ਜੁੜੇ ਹਰ ਸੰਕਲਪ ਨੂੰ ਪੂਰਾ ਕਰਨ ਦੇ ਲਈ ਸਾਡੀ ਸਰਕਾਰ ਵਚਨਬੱਧ ਹੈ। ਇਸੇ ਕੜੀ ਵਿੱਚ ਗੰਨਾ ਖਰੀਦ ਦੀ ਕੀਮਤ ਵਿੱਚ ਇਤਿਹਾਸਿਕ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਕਦਮ ਨਾਲ ਸਾਡੇ ਕਰੋੜਾਂ ਗੰਨਾ ਉਤਪਾਦਕ ਕਿਸਾਨਾਂ ਨੂੰ ਫਾਇਦਾ ਹੋਵੇਗਾ।” ਦੱਸ ਦੇਈਏ ਕਿ ਬੁੱਧਵਾਰ ਨੂੰ ਹੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ ਚੀਨੀ ਮੌਸਮ 2024-25 ਦੇ ਲਈ ਚੀਨੀ ਦੀ 10.25 ਪ੍ਰਤੀਸ਼ਤ ਵਸੂਲੀ ਦਰ ‘ਤੇ ਹੀ ਗੰਨੇ ਦੀ ਸਹੀ ਤੇ ਲਾਭਕਾਰੀ ਕੀਮਤ 340 ਰੁਪਏ ਕੁਇੰਟਲ ਕਰਨ ਦੀ ਮਜ਼ਨੂਰੀ ਦਿੱਤੀ ਸੀ। ਇਹ ਗੰਨੇ ਦੀ ਇਤਿਹਾਸਿਕ ਕੀਮਤ ਹੈ ਜੋ ਚਾਲੂ ਮੌਸਮ 2023-24 ਦੇ ਲਈ ਗੰਨੇ ਦੀ ਐੱਫਆਰਪੀ ਤੋਂ ਲਗਭਗ 8 ਪ੍ਰਤੀਸ਼ਤ ਜ਼ਿਆਦਾ ਹੈ। ਸੋਧ ਕੀਤੀ ਹੋਈ ਐੱਫਆਰਪੀ 1 ਅਕਤੂਬਰ 2024 ਤੋਂ ਲਾਗੂ ਹੋਵੇਗੀ।