ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਜੀ ਐਚ ਪੀ ਐਸ ਇੰਟਰ ਸਕੂਲ ਗੁਰਮਤਿ ਕੁਇਜ਼ ਮੁਕਾਬਲਾ ਸੰਪੰਨ

  • ਪਹਿਲਾ ਸਥਾਨ ਹਰਿਗੋਬਿੰਦ ਏਨਕਲੇਵ, ਦੂਜਾ ਸਥਾਨ ਫ਼ਤਹਿ ਨਗਰ ਅਤੇ ਤੀਜਾ ਸਥਾਨ ਕਾਲਕਾ ਜੀ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੇ ਹਾਸਲ ਕੀਤਾ
  • ਗੁਰਮਤਿ ਕੁਇਜ਼ ਮੁਕਾਬਲੇ ਕਰਵਾਉਣ ਦਾ ਮਕਸਦ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਨਾਲ ਜੋੜਨਾ: ਕਾਹਲੋਂ

ਨਵੀਂ ਦਿੱਲੀ, 30 ਅਪ੍ਰੈਲ : ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਮੁੱਖ ਰੱਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇੰਟਰ ਜੀ. ਐਚ. ਪੀ. ਐਸ. ਗੁਰਮਤਿ ਕੁਇਜ਼ ਮੁਕਾਬਲੇ ਸੰਪੰਨ ਹੋਏ ਜਿਸ ਵਿਚ ਪਹਿਲਾ ਸਥਾਨ ਹਰਿਗੋਬਿੰਦ ਏਨਕਲੇਵ, ਦੂਜਾ ਸਥਾਨ ਫ਼ਤਹਿ ਨਗਰ ਅਤੇ ਤੀਜਾ ਸਥਾਨ ਕਾਲਕਾ ਜੀ ਸਥਿਤ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੇ ਹਾਸਲ ਕੀਤਾ। ਇਹਨਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਕਰਮਸਰ ਨੇ ਸਾਂਝੇ ਤੌਰ ’ਤੇ ਪ੍ਰਦਾਨ ਕੀਤੇ। ਦਿੱਲੀ ਗੁਰਦੁਆਰਾ ਕਮੇਟੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਇਸ ਤਰੀਕੇ ਦੇ ਗੁਰਮਤਿ ਕੁਇਜ਼ ਮੁਕਾਬਲੇ ਕਰਵਾਏ ਗਏ ਹਨ। ਦਿੱਲੀ ਕਮੇਟੀ ਵੱਲੋਂ ਗੁਰਮਤਿ ਕੁਇਜ਼ ਮੁਕਾਬਲੇ ਦੀ ਜ਼ਿੰਮੇਵਾਰੀ ਸਿੱਖ ਹਿਸਟਰੀ ਐਂਡ ਗੁਰਬਾਣੀ ਫ਼ੋਰਮ ਨੂੰ ਦਿੱਤੀ ਗਈ ਸੀ। ਫ਼ੋਰਮ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸਾਗੂ ਨੇ ਦੱਸਿਆ ਕਿ ਗੁਰਮਤਿ ਕੁਇਜ਼ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈ ਕੇ ਸਿੱਖ ਇਤਿਹਾਸ ਅਤੇ ਗੁਰਬਾਣੀ ਸਿਧਾਂਤਾਂ ਦੀ ਵੱਡਮੁੱਲੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਦੋ ਰੋਜ਼ਾ ਗੁਰਮਤਿ ਕੁਇਜ਼ ਦੇ ਫਾਈਨਲ ਮੁਕਾਬਲੇ ਹੋਏ ਅਤੇ ਫ਼ਾਈਨਲ ਰਾਊਂਡ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਰਿਗੋਬਿੰਦ ਏਨਕਲੇਵ, ਦੂਜਾ ਸਥਾਨ ਫ਼ਤਹਿ ਨਗਰ ਤੀਜਾ ਸਥਾਨ ਕਾਲਕਾ ਜੀ ਅਤੇ ਕੌਂਸੋਲੇਸ਼ਨ ਇਨਾਮ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਕਰੋਲ ਬਾਗ ਬ੍ਰਾਂਚ ਨੇ ਜਿੱਤਿਆ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਵਿਸ਼ੇਸ਼ ਤੌਰ ’ਤੇ ਪੁੱਜ ਕੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਸ. ਜਗਦੀਪ ਸਿੰਘ ਕਾਹਲੋਂ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਅਤੇ ਸਿੱਖ ਇਤਿਹਾਸ ਨਾਲ ਜੋੜੀਏ। ਇਸੇ ਨੂੰ ਧਿਆਨ ’ਚ ਰੱਖਦਿਆਂ ਦਿੱਲੀ ਕਮੇਟੀ ਵੱਲੋਂ ਗੁਰਮਤਿ ਕੁਇਜ਼ 2023 ਕਰਵਾਉਣ ਦਾ ਉਪਰਾਲਾ ਕੀਤਾ ਗਿਆ ਅਤੇ ਭਵਿੱਖ ਵਿਚ ਅਜਿਹੇ ਹੋਰ ਵੀ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਹ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਭਾਵੇਂ ਇਹ ਮੁਕਾਬਲੇ ਪਹਿਲੀ ਵਾਰ  ਕਰਵਾਏ ਗਏ ਹਨ ਪਰ ਬੱਚਿਆਂ ਨੂੰ ਗੁਰਮਤਿ ਦਾ ਚੰਗਾ ਗਿਆਨ ਹਾਸਲ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਇਹ ਸਿਰਫ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀ ਹਨ ਜੋ ਆਪਣੇ ਅਮੀਰ ਸਿੱਖ ਵਿਰਸੇ ਤੇ ਇਤਿਹਾਸ ਨਾਲ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਇਹਨਾਂ ਸਕੂਲਾਂ ਵਿਚ ਬੱਚਿਆਂ ਨੂੰ ਆਪਣੇ ਗੁਰ ਇਤਿਹਾਸ ਦੀ ਜਾਣਕਾਰੀ, ਅਮੀਰ ਵਿਰਸੇ ਤੇ ਪੁਰਾਤਨ ਇਤਿਹਾਸ ਦੀ ਜਾਣਕਾਰੀ ਦੇਣ ਦੀ ਵਿਸ਼ੇਸ਼ ਵਿਵਸਥਾ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਜਿਸ ਤਰੀਕੇ ਦੀ ਮਿਹਨਤ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਇਸ ਵਾਰ ਦੇ ਗੁਰਮਤਿ ਕੁਇਜ਼ ਮੁਕਾਬਲਿਆਂ ਵਾਸਤੇ ਕੀਤੀ ਗਈ,  ਭਵਿੱਖ ਵਿਚ ਇਸ ਲਈ ਹੋਰ ਵੀ ਸਖ਼ਤ ਮਿਹਨਤ ਕੀਤੀ ਜਾਵੇਗੀ। ਉਹਨਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਵੱਖ-ਵੱਖ ਪੰਥਕ ਸੰਸਥਾਵਾਂ ਇਸ ਕਿਸਮ ਦੇ ਮੁਕਾਬਲੇ ਕਰਵਾਉਣ ਦੇ ਉਪਰਾਲੇ ਕਰਨ ਤਾਂ ਜੋ ਬੱਚੇ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕਣ। ਉਹਨਾਂ ਦੱਸਿਆ ਕਿ ਇਸ ਮੁਕਾਬਲੇ ਨਾਲ ਦਿੱਲੀ ਵਿਚ ਸਿੱਖ ਬੱਚਿਆਂ ਵਿਚ ਸਿੱਖੀ ਨੂੰ ਬਹੁਤ ਬੜ੍ਹਾਵਾ ਮਿਲਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਨਿਰੰਤਰ ਕੀਤਾ ਜਾ ਰਿਹਾ ਹੈ। ਸ. ਕਰਮਸਰ ਨੇ ਕੁਇਜ਼ ਵਿਚ ਭਾਗ ਲੈਣ ਵਾਲੇ ਬੱਚਿਆਂ ਦੇ ਉਤਸ਼ਾਹ ਨੂੰ ਦੇਖ ਕੇ ਜਿੱਥੇ ਉਹਨਾਂ ਨੂੰ ਵਧਾਈ ਦਿੱਤੀ ਉੱਥੇ ਬੱਚਿਆਂ ਦੇ ਮਾਤਾ-ਪਿਤਾ ਅਤੇ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ।