ਲੋਕਾਂ ਨਾਲ 108 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿਚ ਤਿੰਨ ਡਾਇਰੈਕਟਰਾਂ ਸਮੇਤ ਚਾਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਚੇਨਈ : ਤਾਮਿਲਨਾਡੂ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਮਦੁਰਾਈ ਸਬ-ਜ਼ੋਨਲ ਦਫ਼ਤਰ ਨੇ ਲੋਕਾਂ ਨਾਲ 108 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਵਿਚ ਇਕ ਨਿੱਜੀ ਫਰਮ ਦੇ ਤਿੰਨ ਡਾਇਰੈਕਟਰਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਈ.ਡੀ. ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਆਰ. ਅਰਵਿੰਦ, ਐੱਸ ਗੋਪਾਲ ਕ੍ਰਿਸ਼ਨਨ, ਐੱਸ. ਭਰਤਰਾਜ- ਸਾਰੇ ਮੈਸਰਜ਼ ਬਲੂਮੈਕਸ ਕੈਪੀਟਲ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ, ਇਨ੍ਹਾਂ ਤੋਂ ਇਲਾਵਾ ਤੂਤੀਕੋਰਿਨ ਤੋਂ ਉਨ੍ਹਾਂ ਦੇ ਸਾਥੀ ਜੇ. ਅਮਰਨਾਥ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਨੇ ਸਾਰੇ ਮੁਲਜ਼ਮਾਂ ਨੂੰ 12 ਦਿਨਾਂ ਲਈ ਈ.ਡੀ. ਦੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਸ ਮਾਮਲੇ 'ਚ ਰਾਜ ਪੁਲਿਸ ਦੁਆਰਾ ਸਾਲ 2020 ਅਤੇ 2021 'ਚ ਬਲੂਮੈਕਸ ਕੈਪੀਟਲ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ, ਇਸ ਦੇ ਡਾਇਰੈਕਟਰਾਂ ਅਤੇ ਹੋਰਾਂ ਦੇ ਵਿਰੁੱਧ ਤਾਮਿਲਨਾਡੂ 'ਚ ਕਈ ਮਾਮਲੇ ਦਰਜ ਕੀਤੇ ਗਏ ਸਨ। ਪੁਲਿਸ ਨੇ ਆਮ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਕਿਹਾ ਕਿ ਕੰਪਨੀ ਨੇ ਵਿਦੇਸ਼ੀ ਮੁਦਰਾ, ਵਸਤੂਆਂ, ਸੋਨਾ ਆਦਿ ਦੇ ਵਪਾਰ 'ਚ ਨਿਵੇਸ਼ ਕਰਨ ਦੀ ਆੜ 'ਚ 108 ਕਰੋੜ ਰੁਪਏ ਦੀ ਠੱਗੀ ਮਾਰੀ ਹੈ, ਜਿਸ ਲਈ ਉਨ੍ਹਾਂ ਨੂੰ ਉੱਚ ਰਿਟਰਨ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪੀਐੱਮਐੱਲਏ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕੰਪਨੀ ਦੇ ਡਾਇਰੈਕਟਰਾਂ ਨੇ ਕੰਪਨੀ ਦੀ ਇਕ ਵੈਬਸਾਈਟ ਬਣਾਈ ਜਿਸ 'ਚ ਰੀਅਲ-ਟਾਈਮ ਫਾਰੇਕਸ ਵਪਾਰ 'ਚ ਡਾਇਰੈਕਟਰਾਂ ਦੇ ਪੈਸੇ ਦੇ ਨਿਵੇਸ਼ ਨੂੰ ਦਰਸਾਉਣ ਵਾਲੀਆਂ ਵਿਸ਼ੇਸ਼ਤਾਵਾਂ ਨੂੰ ਝੂਠਾ ਦਿਖਾਇਆ ਗਿਆ।