ਗੈਰ-ਕਾਨੂੰਨੀ ਮਾਈਨਿੰਗ ਦੌਰਾਨ ਕੋਲੇ ਦੀ ਖਾਨ ਵਿੱਚ ਧਸਣ ਕਾਰਨ ਚਾਰ ਲੋਕਾਂ ਦੀ ਮੌਤ 

ਧਨਬਾਦ, 23 ਮਾਰਚ : ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੇ ਤੇਤੁਲਮਾਰੀ ਥਾਣਾ ਖੇਤਰ ਵਿੱਚ ਵੀਰਵਾਰ ਨੂੰ ਗੈਰ-ਕਾਨੂੰਨੀ ਮਾਈਨਿੰਗ ਦੌਰਾਨ ਕੋਲੇ ਦੀ ਖਾਨ ਵਿੱਚ ਧਸਣ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਬੀਐਸ ਮਾਈਨਿੰਗ ਆਊਟਸੋਰਸਿੰਗ ਕੰਪਨੀ ਦੇ ਪੱਛਮੀ ਮੋਦੀਡੀਹ ਕੋਲੇਰੀ ਵਿੱਚ ਖੁਦਾਈ ਪ੍ਰੋਜੈਕਟ ਵਿੱਚ ਸਵੇਰੇ 6 ਵਜੇ ਦੇ ਕਰੀਬ ਵਾਪਰੀ। ਸੂਤਰਾਂ ਮੁਤਾਬਕ ਇਕ ਦਰਜਨ ਤੋਂ ਵੱਧ ਲੋਕ ਕੋਲਾ ਕੱਢਣ ਲਈ ਸੁਰੰਗ ਵਿਚ ਦਾਖਲ ਹੋਏ ਸਨ, ਜਿਸ ਦੌਰਾਨ ਖਾਨ ਦੀ ਛੱਤ ਡਿੱਗ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਪਿੰਡ ਵਾਸੀਆਂ ਨੇ ਬਰਾਮਦ ਕਰ ਲਈਆਂ। ਭਾਜਪਾ ਵਿਧਾਇਕ ਢੁੱਲੂ ਮਹਤੋ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਅਤੇ ਪ੍ਰਸ਼ਾਸਨ ਅਜਿਹੇ ਕੰਮਾਂ ਨੂੰ ਕਦੋਂ ਰੋਕੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਭਾਰਤ ਕੋਕਿੰਗ ਕੋਲ ਲਿਮਟਿਡ (ਬੀਸੀਸੀਐਲ) ਦੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ 20 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।