ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 91 ਸਾਲ ਦੀ ਉਮਰ ‘ਚ ਰਾਜ ਸਭਾ ਤੋਂ ਲਈ ਰਿਟਾਇਰਮੈਂਟ  

ਨਵੀਂ ਦਿੱਲੀ, 3 ਅਪ੍ਰੈਲ : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਾਜ ਸਭਾ ਤੋਂ ਸੇਵਾਮੁਕਤ ਹੋ ਗਏ ਹਨ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 3 ਅਪ੍ਰੈਲ ਨੂੰ ਰਾਜ ਸਭਾ ਵਿੱਚ ਆਪਣੀ 33 ਸਾਲ ਲੰਬੀ ਸੰਸਦੀ ਪਾਰੀ ਦਾ ਅੰਤ ਕੀਤਾ। ਡਾ. ਮਨਮੋਹਨ ਸਿੰਘ ਨੂੰ ਦੇਸ਼ ਦੀ ਆਰਥਿਕਤਾ ਵਿੱਚ ਬਹੁਤ ਸਾਰੇ ਦਲੇਰ ਸੁਧਾਰਾਂ ਦੀ ਸ਼ੁਰੂਆਤ ਕਰਨ ਲਈ ਜਾਣਿਆ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਸਿੰਘ ਦੇ ਜੀਵਨ ਵਿੱਚ 91 ਨੰਬਰ ਦਾ ਬਹੁਤ ਮਹੱਤਵ ਰਿਹਾ ਹੈ। ਅਕਤੂਬਰ 1991 ਵਿੱਚ ਉਹ ਪਹਿਲੀ ਵਾਰ ਸੰਸਦ ਦੇ ਉਪਰਲੇ ਸਦਨ ਦੇ ਮੈਂਬਰ ਬਣੇ। ਇਸ ਸਮੇਂ ਦੌਰਾਨ, ਉਹ 1991-96 ਤੱਕ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੀ ਸਰਕਾਰ ਵਿੱਚ ਵਿੱਤ ਮੰਤਰੀ ਰਹੇ। ਇੰਨਾ ਹੀ ਨਹੀਂ ਉਨ੍ਹਾਂ ਨੇ 3 ਅਪ੍ਰੈਲ 2024 ਨੂੰ 91 ਸਾਲ ਦੀ ਉਮਰ ‘ਚ ਰਾਜ ਸਭਾ ਤੋਂ ਰਿਟਾਇਰਮੈਂਟ ਲੈ ਲਈ। ਆਪਣੇ ਸਿਆਸੀ ਕਰੀਅਰ ਵਿੱਚ ਉਹ 2004 ਤੋਂ 2014 ਦਰਮਿਆਨ 10 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਵਿੱਤ ਮੰਤਰੀ ਹੁੰਦਿਆਂ ਡਾ. ਮਨਮੋਹਨ ਸਿੰਘ ਨੇ 1991 ਵਿੱਚ ਦੇਸ਼ ਦੀਆਂ ਆਰਥਿਕ ਅਤੇ ਉਦਯੋਗਿਕ ਨੀਤੀਆਂ ਦਾ ਐਲਾਨ ਕਰਕੇ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ। ਸਾਬਕਾ ਵਿੱਤ ਮੰਤਰੀ ਸਿੰਘ ਦੇ ਯਤਨਾਂ ਸਦਕਾ 1991 ਭਾਰਤ ਲਈ ਬਦਲਾਅ ਦਾ ਸਾਲ ਸਾਬਤ ਹੋਇਆ। ਉਨ੍ਹਾਂ ਵੱਲੋਂ ਲਿਆਂਦੀਆਂ ਆਰਥਿਕ ਨੀਤੀਆਂ ਦੀ ਮਦਦ ਨਾਲ ਦੇਸ਼ ਵਿੱਚ ਤੇਜ਼ੀ ਨਾਲ ਬਦਲਾਅ ਆਉਣਾ ਸ਼ੁਰੂ ਹੋ ਗਿਆ ਅਤੇ ਆਰਥਿਕਤਾ ਮਜ਼ਬੂਤ ​​ਹੋ ਗਈ। ਜਦੋਂ 1991 ਵਿੱਚ ਪੀ.ਵੀ. ਨਰਸਿਮਹਾ ਰਾਓ ਨੇ ਡਾ: ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾਇਆ ਤਾਂ ਸਵਾਲ ਉੱਠੇ ਕਿ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹਿ ਚੁੱਕੇ ਵਿਅਕਤੀ ਨੂੰ ਵਿੱਤ ਮੰਤਰੀ ਬਣਾ ਕੇ ਕੀ ਪ੍ਰਾਪਤੀ ਹੋਵੇਗੀ? ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੌਰ ਵਿੱਚ ਵਿੱਤ ਮੰਤਰੀ ਆਰਥਿਕ ਮਾਹਿਰ ਸਨ। ਇਸ ਤੋਂ ਬਾਅਦ ਵਿੱਤ ਮੰਤਰਾਲਾ ਕਾਂਗਰਸ ਦੇ ਖੰਟ ਵਾਲੇ ਨੇਤਾ ਹੀ ਸੰਭਾਲ ਰਹੇ ਸਨ। ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਦੇ ਸਮਕਾਲੀ ਕਾਂਗਰਸ ਦੇ ਕਈ ਦਿੱਗਜ਼ ਨੇਤਾ ਪਹਿਲਾਂ ਵਿੱਤ ਮੰਤਰੀ ਰਹਿ ਚੁੱਕੇ ਹਨ। ਪਰ, ਰਾਓ ਨੇ ਉਨ੍ਹਾਂ ਸਾਰਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਡਾ. ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾ ਦਿੱਤਾ। ਪਾਰਟੀ ਵਿੱਚ ਇਸ ਫੈਸਲੇ ਦੀ ਕਾਫੀ ਆਲੋਚਨਾ ਹੋਈ ਸੀ। ਹਾਲਾਂਕਿ ਡਾ. ਸਿੰਘ ਨੂੰ ਵਿੱਤ ਮੰਤਰੀ ਬਣਾ ਕੇ ਨਰਸਿਮਹਾ ਰਾਓ ਨੇ ਸੰਕੇਤ ਦਿੱਤਾ ਸੀ ਕਿ ਉਹ ਦੇਸ਼ ਦੇ ਆਰਥਿਕ ਦ੍ਰਿਸ਼ ‘ਚ ਵੱਡੀ ਤਬਦੀਲੀ ਚਾਹੁੰਦੇ ਹਨ, ਜੋ ਕਾਂਗਰਸ ਦੀ ਸੋਚ ਤੋਂ ਵੱਖ ਹੋ ਸਕਦਾ ਹੈ। ਸਮੇਂ ਦੇ ਨਾਲ ਇਹ ਵੀ ਸਾਬਤ ਹੋ ਗਿਆ ਕਿ ਨਰਸਿਮਹਾ ਰਾਓ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵੱਡੇ ਬਦਲਾਅ ਚਾਹੁੰਦੇ ਸਨ।

ਦੇਸ਼ ਦੇ ਲੋਕਾਂ ਲਈ ਤੁਹਾਡੀ ਆਵਾਜ਼ ਬੁਲੰਦ ਹੁੰਦੀ ਰਹੇਗੀ : ਮੱਲਿਕਾਰਜੁਨ ਖੜਗੇ 
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਮੰਗਲਵਾਰ 2 ਅਪ੍ਰੈਲ ਨੂੰ ਡਾਕਟਰ ਮਨਮੋਹਨ ਸਿੰਘ ਨੂੰ ਇੱਕ ਪੱਤਰ ਲਿਖ ਕੇ ਕਿਹਾ ਕਿ ਉਹ ਹੁਣ ਰਾਜ ਸਭਾ ਵਿੱਚ ਨਹੀਂ ਰਹਿਣਗੇ ਅਤੇ ਸਰਗਰਮ ਰਾਜਨੀਤੀ ਤੋਂ ਰਿਟਾਇਰ ਹੋ ਰਹੇ ਹਨ। ਇਸ ਤੋਂ ਬਾਅਦ ਵੀ ਦੇਸ਼ ਦੇ ਲੋਕਾਂ ਲਈ ਤੁਹਾਡੀ ਆਵਾਜ਼ ਬੁਲੰਦ ਹੁੰਦੀ ਰਹੇਗੀ।