ਪੰਜ ਸਰਕਾਰੀ ਬੀਮਾ ਕੰਪਨੀਆਂ ਦਾ ਅਡਾਨੀ ਸਮੂਹ ਨਾਲ ਸਬੰਧਤ ਕੰਪਨੀਆਂ ਵਿਚ ਕੁੱਲ 347.64 ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ, 13 ਫਰਵਰੀ : ਵਿੱਤ ਮੰਤਰਾਲੇ ਨੇ ਕਿਹਾ ਕਿ ਪੰਜ ਸਰਕਾਰੀ ਬੀਮਾ ਕੰਪਨੀਆਂ ਦਾ ਅਡਾਨੀ ਸਮੂਹ ਨਾਲ ਸਬੰਧਤ ਕੰਪਨੀਆਂ ਵਿਚ ਕੁੱਲ 347.64 ਕਰੋੜ ਰੁਪਏ ਦਾ ਨਿਵੇਸ਼ ਹੈ, ਜੋ ਉਹਨਾਂ (ਬੀਮਾ ਕੰਪਨੀਆਂ) ਦੀ ਕੁੱਲ ਜਾਇਦਾਦ ਦਾ 0.14 ਫੀਸਦੀ ਹੈ। ਵਿੱਤ ਰਾਜ ਮੰਤਰੀ ਭਗਵਤ ਕਰਾੜ ਨੇ ਲੋਕ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਹਨਾਂ ਨੂੰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੁਆਰਾ ਅਡਾਨੀ ਸਮੂਹ ਦੀਆਂ ਕੰਪਨੀਆਂ ਵਿਚ ਕੀਤੇ ਗਏ ਨਿਵੇਸ਼ ਜਾਂ ਕਰਜ਼ੇ ਦੇ ਸੰਦਰਭ ਵਿਚ ਸਵਾਲ ਕੀਤਾ ਗਿਆ ਸੀ। ਮੰਤਰੀ ਨੇ ਦੱਸਿਆ ਕਿ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਨੇ 30 ਜਨਵਰੀ ਨੂੰ ਕਿਹਾ ਸੀ ਕਿ 31 ਦਸੰਬਰ 2022 ਤੱਕ ਉਸ ਦੀ ਅਡਾਨੀ ਸਮੂਹ ਦੀਆਂ ਕੰਪਨੀਆਂ ਨਾਲ ਜੁੜੀ ਕੁੱਲ ਹਿੱਸੇਦਾਰੀ ਅਤੇ ਕਰਜ਼ਾ 35,917.31 ਕਰੋੜ ਰੁਪਏ ਸੀ। ਉਹਨਾਂ ਕਿਹਾ ਕਿ ਇਹ ਰਕਮ ਐਲਆਈਸੀ ਦੀ ਕੁੱਲ 41.66 ਲੱਖ ਕਰੋੜ ਰੁਪਏ ਦੀ ਪੂੰਜੀ ਦਾ ਸਿਰਫ਼ 0.975 ਫ਼ੀਸਦੀ ਹੈ।