ਕੁਝ ਸਾਲਾਂ ਵਿਚ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿਚ ਸ਼ਾਮਲ ਹੋਵੇਗਾ : ਪ੍ਰਧਾਨ ਮੰਤਰੀ ਮੋਦੀ 

ਨਵੀਂ ਦਿੱਲੀ, 25 ਜਨਵਰੀ : ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੇ ਮੁੱਦੇ ’ਤੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਭਾਰਤ ਦੇ ਨੌਜਵਾਨਾਂ ਦਾ ਭਵਿੱਖ ‘ਹਨੇਰ’ ਕਰ ਦਿਤਾ ਗਿਆ ਜਦਕਿ ਮੌਜੂਦਾ ਕੇਂਦਰ ਸਰਕਾਰ ਉਨ੍ਹਾਂ ਨੂੰ ਉਸ ਸਥਿਤੀ ਤੋਂ ਬਾਹਰ ਲਿਆਈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਯੂਥ ਵਿੰਗ, ਭਾਰਤੀ ਜਨਤਾ ਯੁਵਾ ਮੋਰਚਾ (ਬੀ.ਜੇ.ਵਾਈ.ਐਮ.) ਵਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ‘ਨਮੋ ਨਵਮਤਦਾਤਾ ਸੰਮੇਲਨ’ ਨੂੰ ਵੀਡੀਉ ਕਾਨਫ਼ਰੰਸ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਰਤ ਦੇ ਲੋਕ 25 ਸਾਲ ਪਹਿਲਾਂ ਭਾਰਤ ਦੇ ਨੌਜਵਾਨਾਂ ’ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਜ਼ਿੰਮੇਵਾਰੀ ਸੀ, ਇਸੇ ਤਰ੍ਹਾਂ 2047 ਤਕ ਭਾਵ ਆਉਣ ਵਾਲੇ 25 ਸਾਲਾਂ ’ਚ ਵਿਕਸਿਤ ਭਾਰਤ ਬਣਾਉਣ ਦੀ ਜ਼ਿੰਮੇਵਾਰੀ ਅੱਜ ਦੇ ਨੌਜਵਾਨਾਂ ’ਤੇ ਹੈ। ਨੌਜਵਾਨਾਂ ਲਈ ਪੂਰਨ ਬਹੁਮਤ ਵਾਲੀ ਸਥਿਰ ਸਰਕਾਰ ਹੋਣ ਦੇ ਫ਼ਾਇਦਿਆਂ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਧਾਰਾ 370 ਨੂੰ ਖ਼ਤਮ ਕਰਨ ਅਤੇ ਅਯੁਧਿਆ ਵਿਚ ਰਾਮ ਲਲਾ ਦੀ ਪਵਿੱਤਰਤਾ ਦੀ ਉਡੀਕ ਖ਼ਤਮ ਹੁੰਦੀ ਹੈ ਅਤੇ ਵਿਸ਼ਵ ਪੱਧਰ ’ਤੇ ਭਾਰਤ ਦੀ ਭਰੋਸੇਯੋਗਤਾ ਵੀ ਵਧਦੀ ਹੈ। ਮੋਦੀ ਨੇ ਕਿਹਾ,‘‘ਮੈਨੂੰ ਖ਼ੁਸ਼ੀ ਹੈ ਕਿ ਅੱਜ ਭਾਰਤ ਦੇ ਨੌਜਵਾਨ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝ ਰਹੇ ਹਨ। ਇਸ ਲਈ ਉਹ ਭ੍ਰਿਸ਼ਟਾਚਾਰ ਵਿਰੁਧ ਹਨ। ਉਹ ਪ੍ਰਵਾਰਵਾਦ ਵਿਰੁਧ ਹੈ।’’ ਉਨ੍ਹਾਂ ਕਿਹਾ ਕਿ ਭਾਈ-ਭਤੀਜਾਵਾਦ ਇਕ ਅਜਿਹੀ ਬਿਮਾਰੀ ਹੈ ਜੋ ਦੇਸ਼ ਦੇ ਨੌਜਵਾਨਾਂ ਨੂੰ ਅੱਗੇ ਵਧਣ ਤੋਂ ਰੋਕਦੀ ਹੈ। ਉਨ੍ਹਾਂ ਕਿਹਾ,“ਤੁਸੀਂ ਦੇਖਿਆ ਹੈ ਕਿ ਹੋਰ ਨੌਜਵਾਨ ਕਦੇ ਵੀ ਵੰਸ਼ਵਾਦੀ ਪਾਰਟੀਆਂ ਵਿਚ ਅੱਗੇ ਨਹੀਂ ਵਧਦੇ। ਵੰਸ਼ਵਾਦੀ ਪਾਰਟੀਆਂ ਦੇ ਆਗੂਆਂ ਦੀ ਸੋਚ ਨੌਜਵਾਨ ਵਿਰੋਧੀ ਹੈ। ਇਸ ਲਈ ਤੁਹਾਨੂੰ ਅਪਣੀ ਵੋਟ ਦੀ ਤਾਕਤ ਨਾਲ ਅਜਿਹੀਆਂ ਪ੍ਰਵਾਰ ਆਧਾਰਤ ਪਾਰਟੀਆਂ ਨੂੰ ਹਰਾਉਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਪੂਰਨ ਬਹੁਮਤ ਵਾਲੀ ਸਥਿਰ ਸਰਕਾਰ ਹੁੰਦੀ ਹੈ ਤਾਂ ਦੇਸ਼ ਵੱਡੇ ਫ਼ੈਸਲੇ ਲੈਂਦਾ ਹੈ ਅਤੇ ਦਹਾਕਿਆਂ ਤੋਂ ਲਟਕ ਰਹੀਆਂ ਸਮੱਸਿਆਵਾਂ ਨੂੰ ਹੱਲ ਕਰ ਕੇ ਅੱਗੇ ਵਧਦਾ ਹੈ।  ਉਨ੍ਹਾਂ ਕਿਹਾ,‘‘ਸਾਡੀ ਸਰਕਾਰ ਨੇ ਜੰਮੂ-ਕਸ਼ਮੀਰ ’ਚ ਧਾਰਾ 370 ਹਟਾ ਕੇ ਦਹਾਕਿਆਂ ਦਾ ਇੰਤਜ਼ਾਰ ਖਤਮ ਕੀਤਾ ਹੈ। ਪੂਰੀ ਬਹੁਮਤ ਵਾਲੀ ਸਾਡੀ ਸਰਕਾਰ ਨੇ ਫ਼ੌਜ ਦੇ ਜਵਾਨਾਂ ਲਈ ਵਨ ਰੈਂਕ, ਵਨ ਪੈਨਸ਼ਨ ਲਾਗੂ ਕਰ ਕੇ ਦੇਸ਼ ਦੇ ਸਾਬਕਾ ਫ਼ੌਜੀਆਂ ਦੀ ਚਾਰ ਦਹਾਕਿਆਂ ਦੀ ਉਡੀਕ ਖ਼ਤਮ ਕਰ ਦਿਤੀ। ਇਹ ਸਾਡੀ ਸਰਕਾਰ ਹੈ ਜਿਸ ਨੂੰ ਅਯੁਧਿਆ ਵਿਚ ਰਾਮ ਲੱਲਾ ਦੀ ਸਥਾਪਨਾ ਦੇਖਣ ਦਾ ਮੌਕਾ ਮਿਲਿਆ। ਜਦੋਂ ਪੂਰੀ ਬਹੁਮਤ ਵਾਲੀ ਸਰਕਾਰ ਹੁੰਦੀ ਹੈ, ਤਾਂ ਨੀਤੀਆਂ ਅਤੇ ਫ਼ੈਸਲਿਆਂ ਵਿਚ ਵੀ ਸਪੱਸ਼ਟਤਾ ਹੁੰਦੀ ਹੈ। ਮੋਦੀ ਨੇ ਕਿਹਾ ਕਿ ਇਸ ਨਾਲ ਵਿਸ਼ਵ ਪੱਧਰ ’ਤੇ ਭਾਰਤ ਦੀ ਭਰੋਸੇਯੋਗਤਾ ’ਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਕਿਹਾ,‘‘ਅੱਜ ਦੁਨੀਆਂ ਵਿਚ ਭਾਰਤ ਦੀ ਭਰੋਸੇਯੋਗਤਾ ਇਕ ਨਵੀਂ ਉਚਾਈ ’ਤੇ ਹੈ।’’ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਮੋਦੀ ਨੇ ਦੋਸ਼ ਲਾਇਆ ਕਿ ਉਸ ਨੇ ਦੇਸ਼ ਦੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਕਰ ਦਿਤਾ। ਮੋਦੀ ਨੇ ਕਿਹਾ,“ਅੱਜ ਭਾਰਤ ਦੁਨੀਆ ਦੀ ਪੰਜਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਦੁਨੀਆ ਸੋਚਦੀ ਹੈ ਕਿ ਭਾਰਤ ਦਾ ਵਿਕਾਸ ਹੋਣ ਨਾਲ ਉਨ੍ਹਾਂ ਦਾ ਵਿਕਾਸ ਹੋਵੇਗਾ। ਆਉਣ ਵਾਲੇ ਕੁਝ ਸਾਲਾਂ ਵਿਚ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿਚ ਸ਼ਾਮਲ ਹੋਵੇਗਾ ਅਤੇ ਭਾਰਤ ਦੀ ਆਰਥਿਕਤਾ ਸੱਤ ਹਜ਼ਾਰ ਅਰਬ ਰੁਪਏ ਨੂੰ ਪਾਰ ਕਰ ਜਾਵੇਗੀ। ਮੋਦੀ ਨੇ ਕਿਹਾ ਕਿ ਪੁਲਾੜ, ਰਖਿਆ, ਨਿਰਮਾਣ, ਤਕਨਾਲੋਜੀ ਅਤੇ ਨਵੀਨਤਾ ਵਰਗੇ ਕਈ ਖੇਤਰਾਂ ਵਿਚ ਭਾਰਤ ਅਗਲੇ ਕੱੁਝ ਸਾਲਾਂ ਵਿਚ ਕਿੱਥੇ ਪਹੁੰਚ ਜਾਵੇਗਾ, ਨੌਜਵਾਨਾਂ ’ਤੇ ਨਿਰਭਰ ਕਰੇਗਾ।