ਹਰਿਦੁਆਰ ਤੋਂ ਫੁੱਲ ਪਾ ਕੇ ਵਾਪਸ ਆਏ ਪਰਿਵਾਰ ਨੂੰ ਤੇਜ਼ ਰਫਤਾਰ ਥਾਰ ਨੇ ਕੁਚਲਿਆ, 3 ਦੀ ਮੌਤ

ਜੈਪੁਰ, 21 ਮਈ : ਹਰਿਦੁਆਰ ਤੋਂ ਫੁੱਲ ਪਾ ਕੇ ਵਾਪਸ ਆਏ ਇੱਕ ਪਰਿਵਾਰ ਨੂੰ ਜੈਪੁਰ ਦੇ ਕੋਟਖਵੜਾ ਨੇੜੇ ਇੱਕ ਥਾਰ ਨੇ ਕੁਚਲ ਦਿੱਤਾ, ਜਿਸ ਕਾਰਨ ਇਸ ਹਾਦਸੇ ‘ਚ ਮ੍ਰਿਤਕ ਦੀ ਪਤਨੀ, ਬੇਟੇ ਸਮੇਤ ਤਿੰਨ ਦੀ ਮੌਤ ਅਤੇ 3 ਲੋਕਾਂ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਰਾਮਨਗਰ ਰੋਡ ਤੇ ਦੋਈ ਕੀ ਢਾਣੀ ਦੇ ਵਾਸੀ ਮਦਨ ਪੁੱਤਰ ਬਦਰੀ ਦੀ ਇੱਕ ਬਿਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਦੀਆਂ ਅੰਤਿਮ ਰਸ਼ਮਾਂ ਨਿਭਾਉਣ ਤੋਂ ਬਾਅਦ ਉਸਦੇ ਫੁੱਲ ਪਾਉਣ ਲਈ ਮ੍ਰਿਤਕ ਦੀ ਪਤਨੀ ਸੁਨੀਤਾ, ਪੁੱਤਰ ਗੋਲੂ, ਵਿੱਕੀ, ਵੱਡਾ ਭਰਾ ਸੀਤਾਰਾਮ ਸਮੇਤ ਹੋਰ ਲੋਕ ਹਰਿਦੁਆਰ ਗਏ ਸਨ। ਜਦੋਂ ਉਹ ਹਰਿਦੁਆਰ ਤੋਂ ਵਾਪਸ ਆਉਣ ਤੋਂ ਬਾਅਦ ਆਪਣੇ ਘਰ ਤੋਂ ਥੋੜ੍ਹੀ ਦੂਰੀ ਤੇ ਸੜਕ ਕਿਨਾਰੇ ਖੜ੍ਹ ਆਪਣੇ ਰਿਸ਼ਤੇਦਾਰਾਂ ਦੀ ਉਡੀਕ ਕਰ ਰਹੇ ਸਨ ਕਿ ਰਾਮਨਗਰ ਪਾਸੇ ਤੋਂ ਆਈ ਤੇਜ਼ ਰਫਤਾਰ ਇੱਕ ਥਾਰ ਗੱਡੀ ਨੇ ਉਨ੍ਹਾਂ ਸਾਰਿਆਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਜਿਸ ਕਾਰਨ 4 ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਸਬੰਧੀ ਕੋਟਖਵਾੜਾ ਥਾਣੇ ਦੇ ਏਐਸਆਈ ਮਦਨ ਚੌਧਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਸੁਨੀਤਾ (27), ਪੁੱਤਰ ਗੋਲੂ (15), ਸੀਤਾਰਾਮ (40) ਵਜੋਂ ਹੋਈ ਹੈ। ਹਾਦਸੇ ‘ਚ ਮ੍ਰਿਤਕ ਮਦਨ ਦਾ ਛੋਟਾ ਪੁੱਤਰ ਵਿੱਕੀ (9), ਅਨੀਤਾ (37) ਪਤਨੀ ਸੀਤਾਰਾਮ, ਰਿਸ਼ਤੇਦਾਰ ਮਨੋਹਰ ਜਖ਼ਮੀ ਹੋ ਗਏ, ਜਿੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਚੱਕਸੂ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਥਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।