ਪੰਜਾਬ, ਹਰਿਆਣਾ ਸਮੇਤ ਪੂਰਾ ਉੱਤਰੀ ਭਾਰਤ ਸੰਘਣੀ ਧੁੰਦ ਅਤੇ ਠੰਡ ਦੀ ਲਪੇਟ

ਨਵੀਂ ਦਿੱਲੀ, 9 ਜਨਵਰੀ : ਪੰਜਾਬ, ਹਰਿਆਣਾ ਸਮੇਤ ਪੂਰਾ ਉੱਤਰੀ ਭਾਰਤ ਸੰਘਣੀ ਧੁੰਦ ਅਤੇ ਠੰਡ ਦੀ ਲਪੇਟ ਵਿਚ ਹੈ। ਕਈ ਥਾਵਾਂ 'ਤੇ ਵਿਜ਼ੀਬਿਲਟੀ ਘਟ ਕੇ ਲਗਭਗ ਜ਼ੀਰੋ ਹੋ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਪੰਜਾਬ, ਦਿੱਲੀ, ਯੂਪੀ ਅਤੇ ਹਰਿਆਣਾ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਰਾਜਾਂ ਵਿੱਚ ਧੁੰਦ ਅਤੇ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਮਿਲੇਗੀ।ਦੂਜੇ ਪਾਸੇ ਦਿੱਲੀ-ਐਨਸੀਆਰ ਵਿੱਚ ਸੰਘਣੀ ਧੁੰਦ ਦੀ ਚਾਦਰ ਛਾਈ ਹੋਈ ਹੈ। ਕੁਝ ਇਲਾਕਿਆਂ 'ਚ ਵਿਜ਼ੀਬਿਲਟੀ 25 ਮੀਟਰ ਦੇ ਕਰੀਬ ਦਰਜ ਕੀਤੀ ਗਈ ਹੈ। ਸੰਘਣੀ ਧੁੰਦ ਕਾਰਨ ਲੋਕ ਪਾਰਕਿੰਗ ਲਾਈਟਾਂ ਜਗਾ ਕੇ ਸਫ਼ਰ ਕਰਨ ਲਈ ਮਜਬੂਰ ਹਨ। ਪੰਜਾਬ ਵਿੱਚ ਵੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਬਠਿੰਡਾ ਵਿੱਚ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਉੱਤਰੀ ਰੇਲਵੇ ਤੋਂ ਜਾਣਕਾਰੀ ਮਿਲੀ ਹੈ ਕਿ ਧੁੰਦ ਕਾਰਨ 29 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਕਈ ਟਰੇਨਾਂ 5-6 ਘੰਟੇ ਲੇਟ ਚੱਲ ਰਹੀਆਂ ਹਨ।ਦੱਸ ਦੇਈਏ ਕਿ ਮੌਸਮ ਵਿਭਾਗ ਨੇ ਸੈਟੇਲਾਈਟ ਇਮੇਜਰੀ ਦੇ ਜ਼ਰੀਏ ਦੱਸਿਆ ਹੈ ਕਿ ਧੁੰਦ ਦੀ ਪਰਤ ਪੰਜਾਬ ਅਤੇ ਨਾਲ ਲੱਗਦੇ ਉੱਤਰ-ਪੱਛਮੀ ਰਾਜਸਥਾਨ ਤੋਂ ਲੈ ਕੇ ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਤੱਕ ਫੈਲੀ ਹੋਈ ਹੈ।ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਨੇ ਕੁਝ ਥਾਵਾਂ 'ਤੇ ਖੇਤੀਬਾੜੀ, ਪਸ਼ੂਧਨ, ਜਲ ਸਪਲਾਈ, ਟਰਾਂਸਪੋਰਟ ਅਤੇ ਬਿਜਲੀ ਖੇਤਰ 'ਤੇ ਅਸਰ ਪੈਣ ਦੀ ਚਿਤਾਵਨੀ ਦਿੱਤੀ ਹੈ।