ਈ.ਡੀ. ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਮਾਮਲੇ ਵਿਚ 417 ਕਰੋੜ ਦੀ ਜਾਇਦਾਦ ਕੀਤੀ ਜ਼ਬਤ 

ਨਵੀਂ ਦਿੱਲੀ, 15 ਸਤੰਬਰ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਮਾਮਲੇ ਵਿਚ 417 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਅਤੇ 'ਫਰੀਜ਼' ਕਰ ਦਿਤਾ ਹੈ। ਅਧਿਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਦੁਬਈ ਆਧਾਰਤ ਕੰਪਨੀ ਨੇ ਨਵੇਂ ਉਪਭੋਗਤਾਵਾਂ ਨੂੰ ਜੋੜਨ, ਉਪਭੋਗਤਾ ਆਈ.ਡੀ. ਬਣਾਉਣ ਅਤੇ ਕਈ ਬੇਨਾਮੀ ਬੈਂਕ ਖਾਤਿਆਂ ਰਾਹੀਂ ਮਨੀ ਲਾਂਡਰਿੰਗ ਕਰਨ ਲਈ ਆਨਲਾਈਨ ਸੱਟੇਬਾਜ਼ੀ ਐਪਲੀਕੇਸ਼ਨਾਂ ਦੀ ਵਰਤੋਂ ਕੀਤੀ। ਕੰਪਨੀ ਦੇ ਪ੍ਰਮੋਟਰ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਹਨ। ਏਜੰਸੀ ਨੇ ਇਕ ਬਿਆਨ ਵਿਚ ਇਲਜ਼ਾਮ ਲਗਾਇਆ, “ਈ.ਡੀ. ਨੇ ਹਾਲ ਹੀ ਵਿਚ ਕੋਲਕਾਤਾ, ਭੋਪਾਲ, ਮੁੰਬਈ ਆਦਿ ਸ਼ਹਿਰਾਂ ਵਿਚ ਮਹਾਦੇਵ ਏ.ਪੀ.ਪੀ. ਨਾਲ ਜੁੜੇ ਮਨੀ ਲਾਂਡਰਿੰਗ ਨੈਟਵਰਕ ਵਿਰੁਧ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਸੀ। ਉਸ ਨੇ ਇਸ ਸਮੇਂ ਦੌਰਾਨ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਅਤੇ ਅਪਰਾਧ ਤੋਂ ਕਮਾਈ ਗਈ 417 ਕਰੋੜ ਰੁਪਏ ਦੀ ਕਮਾਈ ਜ਼ਬਤ/ਫ੍ਰੀਜ਼ ਕੀਤੀ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਈ.ਡੀ. ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ 'ਮਹਾਦੇਵ ਆਨਲਾਈਨ ਬੁੱਕ ਐਪ' ਯੂ.ਏ.ਈ. ਸਥਿਤ ਇਸ ਦੇ ਕੇਂਦਰੀ ਹੈੱਡਕੁਆਰਟਰ ਤੋਂ ਚਲਾਈ ਜਾਂਦੀ ਹੈ। ਈ.ਡੀ. ਨੇ ਕਿਹਾ ਕਿ ਇਹ 70-30 ਪ੍ਰਤੀਸ਼ਤ ਲਾਭ ਅਨੁਪਾਤ 'ਤੇ ਅਪਣੇ ਜਾਣੇ-ਪਛਾਣੇ ਸਹਿਯੋਗੀਆਂ ਨੂੰ "ਪੈਨਲ/ਸ਼ਾਖਾਵਾਂ" ਦੀ ਫਰੈਂਚਾਇਜ਼ੀ ਦੇ ਕੇ ਕੰਮ ਕਰਦਾ ਹੈ। ਏਜੰਸੀ ਨੇ ਕਿਹਾ ਕਿ ਸੱਟੇਬਾਜ਼ੀ ਦੀ ਕਮਾਈ ਨੂੰ ਵਿਦੇਸ਼ੀ ਖਾਤਿਆਂ 'ਚ ਟਰਾਂਸਫਰ ਕਰਨ ਲਈ ਵੱਡੇ ਪੱਧਰ 'ਤੇ ਹਵਾਲਾ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਈ.ਡੀ. ਨੇ ਕਿਹਾ ਕਿ ਭਾਰਤ ਵਿਚ ਨਵੇਂ ਉਪਭੋਗਤਾਵਾਂ ਅਤੇ ਫਰੈਂਚਾਇਜ਼ੀ (ਪੈਨਲ) ਦੇ ਚਾਹਵਾਨਾਂ ਨੂੰ ਆਕਰਸ਼ਿਤ ਕਰਨ ਲਈ ਸੱਟੇਬਾਜ਼ੀ ਦੀਆਂ ਵੈੱਬਸਾਈਟਾਂ ਦੇ ਇਸ਼ਤਿਹਾਰਾਂ 'ਤੇ ਨਕਦੀ ਵਿਚ ਭਾਰੀ ਖਰਚ ਕੀਤਾ ਜਾ ਰਿਹਾ ਹੈ। ਕੰਪਨੀ ਦੇ ਪ੍ਰਮੋਟਰ ਭਿਲਾਈ, ਛੱਤੀਸਗੜ੍ਹ ਦੇ ਵਸਨੀਕ ਹਨ ਅਤੇ 'ਮਹਾਦੇਵ ਔਨਲਾਈਨ ਬੁੱਕ ਬੇਟਿੰਗ ਐਪਲੀਕੇਸ਼ਨ' ਗੈਰ-ਕਾਨੂੰਨੀ ਸੱਟੇਬਾਜ਼ੀ ਵੈਬਸਾਈਟ ਲਈ ਔਨਲਾਈਨ ਪਲੇਟਫਾਰਮ ਦਾ ਪ੍ਰਬੰਧ ਕਰਨ ਦਾ ਇਕ ਪ੍ਰਮੁੱਖ ਮਾਧਿਅਮ ਹੈ।