ਦੇਸ਼ ਦੇ 7 ਸੂਬਿਆਂ ਵਿਚ ਭਾਰੀ ਮੀਂਹ ਕਾਰਨ ਸਥਿਤੀ ਬਣੀ ਹੜ੍ਹ ਵਰਗੀ, ਹੁਣ ਤਕ 56 ਲੋਕਾਂ ਦੀ ਮੌਤ

ਨਵੀਂ ਦਿੱਲੀ, 10 ਜੁਲਾਈ : ਦਿੱਲੀ, ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਉੱਤਰੀ ਸੂਬਿਆਂ ਵਿਚ ਲਗਾਤਾਰ ਤਿੰਨ ਦਿਨ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਸੂਬਿਆਂ ਵਿਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੀਆਂ ਵੱਖ-ਵੱਖ ਘਟਨਾਵਾਂ ਵਿਚ 56 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪੰਜਾਬ ਵਿਚ ਸਤਲੁਜ ਦਰਿਆ ਦੇ ਨੇੜੇ 15 ਤੋਂ 20 ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਸ ਦੇ ਨਾਲ ਹੀ ਲੇਹ-ਲੱਦਾਖ 'ਚ ਭਾਰੀ ਮੀਂਹ ਕਾਰਨ 450 ਸਾਲ ਪੁਰਾਣਾ ਮਕਾਨ ਢਹਿ ਗਿਆ। ਹਿਮਾਚਲ ਵਿਚ 46 ਘਰ ਤਬਾਹ ਹੋ ਗਏ। ਮਨਾਲੀ ਵਿਚ ਮੀਂਹ ਦਾ 52 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਹਿਮਾਚਲ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਅਗਲੇ 24 ਘੰਟਿਆਂ ਤਕ ਘਰਾਂ ਵਿਚ ਰਹਿਣ ਲਈ ਕਿਹਾ ਹੈ। ਸੂਬੇ ਦੀਆਂ ਕਈ ਨਦੀਆਂ ਅਤੇ ਨਹਿਰਾਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹਨ। ਦੋ ਥਾਵਾਂ ਤੋਂ ਬੱਦਲ ਫਟਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਕੁੱਲੂ 'ਚ ਬਿਆਸ ਦੇ ਨਾਲ-ਨਾਲ ਪਾਰਵਤੀ ਅਤੇ ਤੀਰਥਨ ਨਦੀਆਂ 'ਚ ਵੀ ਪਾਣੀ ਦਾ ਵਹਾਅ ਤੇਜ਼ ਹੈ। ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ 60 ਵਾਹਨ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਏ। ਇਸ ਦੇ ਨਾਲ ਹੀ ਕੁੱਲੂ ਦੇ ਕਸੌਲ 'ਚ 6 ਵਾਹਨ ਪਾਣੀ 'ਚ ਵਹਿ ਗਏ। ਦੇਸ਼ ਦੀ ਕੁੱਲ ਬਾਰਸ਼ ਆਮ ਨਾਲੋਂ ਵੱਧ ਹੈ। 9 ਜੁਲਾਈ ਤਕ ਆਮ ਵਰਖਾ 239 ਮਿਲੀਮੀਟਰ ਸੀ। ਹੁਣ ਇਹ ਅੰਕੜਾ 243 ਮਿਲੀਮੀਟਰ ਤਕ ਪਹੁੰਚ ਗਿਆ ਹੈ, ਜੋ ਕਿ 2% ਵੱਧ ਹੈ। ਦਿੱਲੀ ਵਿਚ ਮੀਂਹ ਦਾ 41 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਗੁਰੂਗ੍ਰਾਮ ਵਿਚ ਸੜਕਾਂ ਨਦੀਆਂ ਬਣ ਗਈਆਂ। ਯਮੁਨਾ 'ਚ ਪਾਣੀ ਦਾ ਪੱਧਰ ਵਧਣ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਇਹ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਤਕ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਯੂਪੀ ਅਤੇ ਪੂਰਬੀ ਰਾਜਸਥਾਨ ਵਿਚ ਅਗਲੇ ਦੋ ਦਿਨਾਂ ਵਿਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਗਿਆ ਹੈ।