ਸੂਰਤ ‘ਚ ਕੱਪੜਾ ਫੈਕਟਰੀ ਨੂੰ ਲੱਗੀ ਅੱਗ ਕਾਰਨ ਕਰੋੜਾਂ ਨੁਕਸਾਨ, ਚਾਰ ਘੰਟੇ ਮੁਸ਼ੱਕਤ ਨਾਲ ਅੱਗ ਤੇ ਪਾਇਆ ਕਾਬੂ

ਪਲਸਾਨਾ, 09 ਮਾਰਚ : ਸੂਰਤ ਜ਼ਿਲ੍ਹੇ ਦੇ ਪਲਸਾਨਾ ਵਿੱਚ ਬੁੱਧਵਾਰ ਰਾਤ ਨੂੰ ਇੱਕ ਡਾਇੰਗ ਮਿੱਲ ਵਿੱਚ ਭਿਆਨਕ ਅੱਗਣ ਲੱਗਣ ਕਾਰਨ ਕਰੋੜਾਂ ਰੂਪੈ ਦਾ ਨੁਕਸਾਨ ਹੋ ਜਾਣ ਦੀ ਖ਼ਬਰ ਹੈ। ਅੱਗ ਐਨੀ ਭਿਆਨਕ ਸੀ ਕਿ ਤਕਰੀਬਨ ਚਾਰ ਘੰਟੇ ਦੀ ਸਖ਼ਤ ਕੋਸ਼ਿਸ਼ ਸਦਕਾ ਅੱਗ ਤੇ ਕਾਬੂ ਪਾਇਆ ਗਿਆ। ਹੋਲੀ ਹੋਣ ਕਰਕੇ ਫੈਕਟਰੀ ਬੰਦ ਸੀ ਕਿ ਅਚਾਨਕ ਅੱਗ ਲੱਗ ਗਈ, ਭਾਵੇਂ ਇਸ ਅੱਗ ਲੱਗਣ ਦੀ ਘਟਨਾਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਰੋੜਾਂ ਰੁਪਏ ਦੀ ਮਸ਼ੀਨੀ ਸੜ ਗਈ ਹੈ।  ਫਾਇਰ ਬ੍ਰਿਗੇਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਿੱਲ ਦੀ ਸੈਂਟਰਲ ਮਸ਼ੀਨ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਹੋਰ ਮਸ਼ੀਨਾਂ ਵੀ ਅੱਗ ਦੀ ਲਪੇਟ ਵਿੱਚ ਆ ਗਈਆਂ। ਕਈ ਮਹਿੰਗੀਆਂ ਮਸ਼ੀਨਾਂ ਦੇ ਨਾਲ-ਨਾਲ ਮਿੱਲ ਵਿੱਚ ਰੱਖਿਆ 70 ਲੱਖ ਮੀਟਰ ਕੱਪੜਾ ਵੀ ਸੜ ਕੇ ਸੁਆਹ ਹੋ ਗਿਆ। ਇਸ ਤਰ੍ਹਾਂ ਕੰਪਨੀ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਰੰਗਾਈ ਮਿੱਲ ਵਿੱਚ ਕਈ ਤਰ੍ਹਾਂ ਦੇ ਰਸਾਇਣਾਂ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਪੈਟਰੋਲੀਅਮ ਪਦਾਰਥ ਵੀ ਮੌਜੂਦ ਹਨ। ਇਸ ਕਾਰਨ ਅੱਗ ਭੜਕਦੀ ਗਈ। ਜਦੋਂ ਆਸਪਾਸ ਦੇ ਲੋਕਾਂ ਨੇ ਫੈਕਟਰੀ ਵਿੱਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਤਾਂ ਉਨ੍ਹਾਂ ਰਾਤ ਕਰੀਬ 12 ਵਜੇ ਫਾਇਰ ਬ੍ਰਿਗੇਡ ਅਤੇ ਪੁਲੀਸ ਨੂੰ ਫੋਨ ਕੀਤਾ। ਉਦੋਂ ਤੱਕ ਅੱਗ ਪੂਰੀ ਮਿੱਲ ਦੇ ਅੰਦਰ ਫੈਲ ਚੁੱਕੀ ਸੀ।ਫਾਇਰ ਅਫਸਰ ਪ੍ਰਵੀਨ ਪਟੇਲ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ। ਅਸੀਂ ਬਾਰਡੋਲੀ, ਮੰਡਵੀ, ਕਦੋਦਰਾ, ਸਚਿਨ, ਹੋਜੀਵਾਲਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਅੱਗ ਲੱਗਣ ਕਾਰਨ ਕੱਪੜਾ, ਤਿੰਨ ਫੋਲਡਿੰਗ ਮਸ਼ੀਨਾਂ ਸਮੇਤ ਬਹੁਤ ਸਾਰਾ ਸਾਮਾਨ ਸੜ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈ ਕਿਉਂਕਿ ਮਿੱਲ ਦੇ ਬਾਹਰ ਲੱਗੀ ਤਾਰਾਂ ਵੀ ਸੜ ਗਈਆਂ।