ਡਬਲ ਇੰਜਣ ਵਾਲੀ ਸਰਕਾਰ ਦਾ ਮਤਲਬ ਬੇਰੁਜ਼ਗਾਰਾਂ ਲਈ ‘ਦੂਹਰਾ ਝਟਕਾ’ ਹੈ : ਰਾਹੁਲ ਗਾਂਧੀ 

ਨਵੀਂ ਦਿੱਲੀ, 18 ਫਰਵਰੀ : ਉੱਤਰ ਪ੍ਰਦੇਸ਼ ਵਿੱਚ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦਾ ਮਤਲਬ ਬੇਰੁਜ਼ਗਾਰਾਂ ਲਈ ‘ਦੂਹਰਾ ਝਟਕਾ’ ਹੈ। ਐਕਸ ’ਤੇ ਹਿੰਦੀ ਵਿੱਚ ਇੱਕ ਪੋਸਟ ਵਿੱਚ ਗਾਂਧੀ ਨੇ ਦਾਅਵਾ ਕੀਤਾ ਕਿ ਅੱਜ ਉੱਤਰ ਪ੍ਰਦੇਸ਼ ਦਾ ਹਰ ਤੀਜਾ ਨੌਜਵਾਨ ‘ਬੇਰੁਜ਼ਗਾਰੀ ਦੀ ਬਿਮਾਰੀ’ ਤੋਂ ਪੀੜਤ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿੱਥੇ 1.5 ਲੱਖ ਤੋਂ ਵੱਧ ਸਰਕਾਰੀ ਅਸਾਮੀਆਂ ਖਾਲੀ ਹਨ ਉਥੇ ਹੀ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀਐਚਡੀ ਹੋਲਡਰ ਘੱਟੋ-ਘੱਟ ਯੋਗਤਾ ਦੀ ਲੋੜ ਵਾਲੀਆਂ ਅਸਾਮੀਆਂ ਦੀ ਕਤਾਰ ਵਿੱਚ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਫੌਜ ਤੋਂ ਰੇਲਵੇ ਅਤੇ ਸਿੱਖਿਆ ਤੋਂ ਲੈ ਕੇ ਪੁਲੀਸ ਤੱਕ ਭਰਤੀ ਲਈ ਸਾਲਾਂ ਦੀ ਉਡੀਕ ਕਰਨ ਤੋਂ ਬਾਅਦ ਲੱਖਾਂ ਵਿਦਿਆਰਥੀ ਓਵਰਏਜ ਹੋ ਗਏ ਹਨ। ਗਾਂਧੀ ਨੇ ਕਿਹਾ ਕਿ ਨਿਰਾਸ਼ਾ ਦੇ ਇਸ ਭੁਲੇਖੇ ਵਿੱਚ ਫਸਿਆ ਵਿਦਿਆਰਥੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਟੁੱਟ ਰਿਹਾ ਹੈ ਅਤੇ ਇਸ ਸਭ ਤੋਂ ਦੁਖੀ ਹੋ ਕੇ ਜਦੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ‘ਤੇ ਨਿਕਲਦਾ ਹੈ ਤਾਂ ਪੁਲੀਸ ਵੱਲੋਂ ਉਸ ਨੂੰ ਡੰਡੇ ਮਾਰੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਨੌਜਵਾਨਾਂ ਦੇ ਸੁਪਨਿਆਂ ਨਾਲ ਇਨਸਾਫ਼ ਕਰਨਗੀਆਂ ਤੇ ਪਾਰਟੀ ਉਨ੍ਹਾਂ ਦੀ ਤਪੱਸਿਆ ਨੂੰ ਵਿਅਰਥ ਨਹੀਂ ਜਾਣ ਦੇਵੇਗੀ।