ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਲਗਾਏ ਗਏ ਬੈਰੀਕੇਡਾਂ ਨੂੰ ਖੋਲ੍ਹਣਾ ਕੀਤਾ ਸ਼ੁਰੂ

  • ਅੰਦੋਲਨ ਜਾਰੀ ਰਹੇਗਾ ਅਤੇ ਭਵਿੱਖ ਦੀ ਰਣਨੀਤੀ ਬਾਰੇ 29 ਫਰਵਰੀ ਨੂੰ ਵੱਡਾ ਐਲਾਨ ਕੀਤਾ ਜਾਵੇਗਾ : ਸਰਵਣ ਸਿੰਘ ਪੰਧੇਰ 

ਟਿੱਕਰੀ, 24 ਫਰਵਰੀ : ਦਿੱਲੀ ਪੁਲਿਸ ਵੱਲੋਂ ਟਿੱਕਰੀ ਅਤੇ ਸਿੰਘੂ ਸਰਹੱਦ ‘ਤੇ ਕਿਸਾਨਾਂ ਨੂੰ ਰੋਕਣ ਲਈ ਲਗਾਏ ਗਏ ਬੈਰੀਕੇਡਾਂ ਨੂੰ ਅਸਥਾਈ ਤੌਰ ‘ਤੇ ਹਟਾਇਆ ਜਾ ਰਿਹਾ ਹੈ ਤਾਂ ਜੋ ਸੜਕ ਨੂੰ ਆਮ ਆਵਾਜਾਈ ਲਈ ਖੋਲ੍ਹਿਆ ਜਾ ਸਕੇ। ਕਿਸਾਨਾਂ ਦੇ ਦਿੱਲੀ ਕੂਚ ਨੂੰ 29 ਫਰਵਰੀ ਤੱਕ ਟਾਲਣ ਮਗਰੋਂ ਪੁਲਿਸ ਨੇ ਇਹ ਫੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਸੜਕ ਦੇ ਦੋਵੇਂ ਪਾਸੇ ਸੜਕ ਦੇ ਇੱਕ ਹਿੱਸੇ ਨੂੰ ਆਵਾਜਾਈ ਲਈ ਖੋਲ੍ਹਿਆ ਜਾ ਰਿਹਾ ਹੈ। ਕਿਸਾਨਾਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਦੋਵੇਂ ਸਰਹੱਦਾਂ ’ਤੇ ਕੰਕਰੀਟ ਦੀਆਂ ਕੰਧਾਂ ਲਾ ਕੇ ਬੈਰੀਕੇਡ ਲਗਾ ਦਿੱਤੇ ਸਨ। ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਉਣ ਦੀ ਕਾਰਵਾਈ ਦਰਮਿਆਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਜਾਰੀ ਰਹੇਗਾ ਅਤੇ ਭਵਿੱਖ ਦੀ ਰਣਨੀਤੀ ਬਾਰੇ 29 ਫਰਵਰੀ ਨੂੰ ਵੱਡਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਬੁਲਾ ਕੇ ਅੰਦੋਲਨ ਦੀ ਰੂਪ-ਰੇਖਾ ਬਾਰੇ ਚਰਚਾ ਕਰਾਂਗੇ ਅਤੇ ਫਿਰ ਐਲਾਨ ਕਰਾਂਗੇ। ਉਥੇ ਹੀ ਸ਼ਹੀਦ ਸ਼ੁਭਕਰਨ ਸਿੰਘ ਤੇ ਤਿੰਨ ਹੋਰ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਅੱਜ ਕੈਂਡਲ ਜਲਾਏ। ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ ‘ਤੇ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਮਾਮਲੇ ਨੂੰ ਲੈ ਕੇ ਅੱਜ ਸੰਗਰੂਰ ‘ਚ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਸੰਗਰੂਰ ਦੇ ਐਸਐਸਪੀ ਦਫ਼ਤਰ ਦੇ ਬਾਹਰ ਹੋਇਆ। ਇਸ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਸੀਨੀਅਰ ਆਗੂਆਂ ਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦਾ ਮੁੱਦਾ ਉਠਾਇਆ ਗਿਆ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਦਾਤਾ ਸਿੰਘਵਾਲਾ ਵਿਖੇ ਤਿੰਨ ਦਿਨ ਪਹਿਲਾਂ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ ਦੌਰਾਨ ਜ਼ਖਮੀ ਹੋਏ ਸੰਗਰੂਰ ਦੇ ਕਿਸਾਨ ਪ੍ਰਿਤਪਾਲ ਸਿੰਘ ਨੂੰ ਸ਼ਨੀਵਾਰ ਨੂੰ ਰੋਹਤਕ ਪੀਜੀਆਈ ਤੋਂ ਡਾਕਟਰਾਂ ਨੇ ਚੰਡੀਗੜ੍ਹ ਰੈਫਰ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪ੍ਰਿਤਪਾਲ ਸਿੰਘ ਦਾ ਸਹੀ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਉਹ ਡਰਿਆ ਹੋਇਆ ਹੈ।