ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਤੇਂਦਰ ਜੈਨ ਨੇ ਮੰਤਰੀ ਮੰਡਲ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ, 28 ਫਰਵਰੀ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਲੀ ਮੰਤਰੀ ਮੰਡਲ ਤੋਂ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਮਨੀਸ਼ ਸਿਸੋਦੀਆ ਕਥਿਤ ਆਬਕਾਰੀ ਘੁਟਾਲੇ ਦੇ ਸਬੰਧ ਵਿੱਚ ਪੰਜ ਦਿਨ ਦੇ ਸੀਬੀਆਈ ਰਿਮਾਂਡ ‘ਤੇ ਹਨ, ਜਦੋਂ ਕਿ ਸਿਹਤ ਮੰਤਰੀ ਸਤੇਂਦਰ ਜੈਨ ਪਹਿਲਾਂ ਹੀ ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਹਨ। ਜਿਕਰਯੋਗ ਹੈ ਕਿ ਆਬਕਾਰੀ ਘੁਟਾਲੇ ਦੇ ਮਾਮਲੇ ‘ਚ ਪੰਜ ਦਿਨ ਦੇ ਸੀਬੀਆਈ ਰਿਮਾਂਡ ‘ਤੇ ਚੱਲ ਰਹੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸੁਪਰੀਮ ਕੋਰਟ ਪਹੁੰਚੇ। ਉਨ੍ਹਾਂ ਦੀ ਤਰਫੋਂ ਵਕੀਲਾਂ ਨੇ ਗ੍ਰਿਫਤਾਰੀ ਦੇ ਖ਼ਿਲਾਫ਼ ਅਤੇ ਸੀਬੀਆਈ ਦੇ ਕੰਮ ਕਰਨ ਦੇ ਤਰੀਕੇ ਦੇ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ‘ਚ ਦੋ ਜੱਜਾਂ ਦੀ ਬੈਂਚ ਨੇ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕੀਤੀ। ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਚੀਫ਼ ਜਸਟਿਸ ਚੰਦਰਚੂੜ ਅਤੇ ਜਸਟਿਸ ਨਰਸਿਮਹਾ ਦੀ ਬੈਂਚ ਅੱਗੇ ਮਨੀਸ਼ ਸਿਸੋਦੀਆ ਦਾ ਪੱਖ ਪੇਸ਼ ਕੀਤਾ। ਸੁਣਵਾਈ ਦੌਰਾਨ ਜੱਜਾਂ ਨੇ ਕਿਹਾ ਕਿ ਤੁਸੀਂ ਦਿੱਲੀ ਹਾਈਕੋਰਟ ਜਾ ਸਕਦੇ ਸੀ। ਸਿੱਧੇ ਤੌਰ ‘ਤੇ ਸੁਪਰੀਮ ਕੋਰਟ ਵਿਚ ਆਉਣਾ ਚੰਗੀ ਪਰੰਪਰਾ ਨਹੀਂ ਹੈ। ਤੁਹਾਡੇ ਕੋਲ ਜ਼ਮਾਨਤ ਲਈ ਹਾਈ ਕੋਰਟ ਦਾ ਵਿਕਲਪ ਹੈ।