ਅਦਾਲਤ ਵੱਲੋਂ ਪੁਲਿਸ ਨੂੰ ਸਾਬਕਾ ਮੰਤਰੀ ਰੰਧਾਵਾ ਖਿਲਾਫ ਕੇਸ ਦਰਜ ਕਰਨ ਦੇ ਹੁਕਮ

ਜੈਪੁਰ, 20 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਬਿਆਨ ਦੇਣ ਕਾਰਨ ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸ ਦੇ ਰਾਜਸਥਾਨ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਅਦਾਲਤ ਦੇ ਹੁਕਮ ਦੇ ਬਾਵਜੂਦ ਮਾਮਲਾ ਦਰਜ ਨਾ ਕੀਤੇ ਜਾਣ ਤੇ ਕੋਟਾ ਸ਼ਹਿਰ ਦੇ ਪੁਲਿਸ ਸੁਪਰਡੈਂਟ ਸ਼ਰਦ ਚੌਧਰੀ ਸ਼ਨੀਵਾਰ ਨੂੰ ਅਦਾਲਤ ਵਿੱਚ ਤਲਬ ਕੀਤਾ ਗਿਆ। ਭਾਜਪਾ ਵਿਧਾਇਕ ਮਦਨ ਦਿਲਾਵਰ ਨੇ ਰੰਧਾਵਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੇ ਵਕੀਲ ਮਨੋਜ ਪੁਰੀ ਨੇ ਕਿਹਾ ਕਿ ਐਸਪੀ ਨੇ ਜ਼ੁਬਾਨੀ ਤੌਰ ਉਤੇ ਕਿਹਾ ਸੀ ਕਿ ਉਨ੍ਹਾਂ ਉਤੇ ਰਾਜਨੀਤਿਕ ਦਬਾਅ ਸੀ, ਇਸ ਲਈ ਉਨ੍ਹਾਂ ਵੱਲੋਂ ਸਮਾਂ ਮੰਗਿਆ ਸੀ। ਹਾਲਾਂਕਿ ਅਦਾਲਤ ਨੇ ਹੁਣ ਚੌਧਰੀ ਨੂੰ ਰੰਧਾਵਾ ਖਿਲਾਫ ਐਫਆਈਆਰ ਦਰਜਨ ਕਰਨ ਅਤੇ 23 ਮਈ ਨੂੰ ਦੁਪਹਿਰ 12 ਵਜੇ ਤੱਕ ਅਦਾਲਤ ਵਿੱਚ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਦਿਲਾਵਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ 13 ਮਾਰਚ ਨੂੰ ਜੈਪੁਰ ਵਿੱਚ ਪਾਰਟੀ ਦੀ ਇਕ ਮੀਟਿੰਗ ਦੌਰਾਨ ਰੰਧਾਵਾ ਨੇ ਗੌਤਮ ਅੰਡਾਨੀ ਅਤੇ ਮੁਕੇਸ਼ ਅੰਬਾਨੀ ਨਾਲ  ਕਥਿਤ ਸਬੰਧਾਂ ਲਈ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਸੀ।