ਦੇਸ਼ 'ਚ ਲਗਾਤਾਰ ਹੋ ਰਹੇ ਰੇਲ ਹਾਦਸੇ ਬਹੁਤ ਚਿੰਤਾਜਨਕ ਹਨ : ਰਾਹੁਲ ਗਾਂਧੀ  

ਨਵੀਂ ਦਿੱਲੀ, 2024 : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ 'ਚ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿਰੋਧੀ ਧਿਰ ਦੇ ਨੇਤਾ ਨੇ ਟਵਿੱਟਰ 'ਤੇ ਇਕ ਪੋਸਟ 'ਚ ਕਿਹਾ ਉੱਤਰ ਪ੍ਰਦੇਸ਼ ਦੇ ਗੋਂਡਾ 'ਚ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਦੇ ਪਟੜੀ ਤੋਂ ਉਤਰਨ ਕਾਰਨ ਕਈ ਯਾਤਰੀਆਂ ਦੀ ਮੌਤ ਦੀ ਖਬਰ ਬੇਹੱਦ ਦੁਖਦਾਈ ਹੈ। ਮੈਂ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ। ਕਾਂਗਰਸ ਵਰਕਰਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ ਗਈ ਹੈ। ਰਾਹੁਲ ਗਾਂਧੀ ਨੇ ਕਿਹਾ, ਲਗਾਤਾਰ ਹੋ ਰਹੇ ਰੇਲ ਹਾਦਸੇ ਬਹੁਤ ਚਿੰਤਾਜਨਕ ਹਨ ਅਤੇ ਇਹ ਸਰਕਾਰ ਦੀ ਕੁਪ੍ਰਬੰਧਨ ਅਤੇ ਲਾਪਰਵਾਹੀ ਦਾ ਨਤੀਜਾ ਹਨ। ਇਹ ਗੱਲ ਕੁਝ ਦਿਨ ਪਹਿਲਾਂ ਲੋਕੋ ਪਾਇਲਟਾਂ ਨਾਲ ਹੋਈ ਗੱਲਬਾਤ ਅਤੇ ਹਾਲ ਹੀ ਵਿੱਚ ਵਾਪਰੇ ਰੇਲ ਹਾਦਸਿਆਂ ਬਾਰੇ ਰੇਲਵੇ ਸੁਰੱਖਿਆ ਕਮਿਸ਼ਨਰ ਦੀ ਰਿਪੋਰਟ ਤੋਂ ਵੀ ਸਪੱਸ਼ਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਇਸ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਯਾਤਰੀਆਂ ਦੀ ਸੁਰੱਖਿਆ ਅਤੇ ਹਾਦਸਿਆਂ ਨੂੰ ਰੋਕਣ ਲਈ ਦੇਸ਼ ਨੂੰ ਆਪਣੀ ਰਣਨੀਤੀ ਦੱਸਣੀ ਚਾਹੀਦੀ ਹੈ।