ਕਾਂਗਰਸ ਦੀ ਨੀਤੀ ‘ਗਰੀਬਾਂ ਨੂੰ ਭਰਮਾਓ, ਗਰੀਬਾਂ ਨੂੰ ਤਰਸਾਓ’ ਵਾਲੀ ਹੈ : ਪ੍ਰਧਾਨ ਮੰਤਰੀ ਮੋਦੀ 

ਜੈਪੁਰ, 31 ਮਈ : ਕਾਂਗਰਸ ਨੇ 50 ਸਾਲ ਪਹਿਲਾਂ ਦੇਸ਼ ਨੂੰ ਗ਼ਰੀਬੀ ਖਤਮ ਕਰਨ ਦੀ ਗਰੰਟੀ ਦਿਤੀ ਸੀ, ਜੋ ਗਰੀਬਾਂ ਦੇ ਨਾਲ-ਨਾਲ ਕਾਂਗਰਸ ਵਲੋਂ ਕੀਤਾ ਗਿਆ ਸੱਭ ਤੋਂ ਵੱਡਾ ਧੋਖਾ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਾਟਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕੀਤਾ । ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਵਿਰੋਧੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੀ ਨੀਤੀ ‘ਗਰੀਬਾਂ ਨੂੰ ਭਰਮਾਓ, ਗਰੀਬਾਂ ਨੂੰ ਤਰਸਾਓ’ ਵਾਲੀ ਹੈ। ਅਜਮੇਰ ਨੇੜੇ ਕਯਾਦ ਵਿਸ਼ਰਾਮ ਸਟਾਲੀ ਵਿਖੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਵਿਚ ਭਾਰਤ ਦੀ ਸਫਲਤਾ ਦੇ ਗੀਤ ਗਾਏ ਜਾ ਰਹੇ ਹਨ। ਇਹ ਜਨ ਸਭਾ ਕੇਂਦਰ ਵਿਚ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਆਯੋਜਤ ਕੀਤੀ ਗਈ ਸੀ। ਮੋਦੀ ਨੇ ਕਿਹਾ, "ਕਾਂਗਰਸ ਦੀ ਨੀਤੀ ਗਰੀਬਾਂ ਨੂੰ ਭਰਮਾਓ, ਗਰੀਬਾਂ ਨੂੰ ਤਰਸਾਓ’ ਵਾਲੀ ਰਹੀ ਹੈ।" ਰਾਜਸਥਾਨ ਦੇ ਲੋਕਾਂ ਨੂੰ ਵੀ ਇਸ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ, ''ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵੀ ਮੰਨਿਆ ਸੀ ਕਿ ਜੇਕਰ ਕਾਂਗਰਸ ਸਰਕਾਰ 100 ਪੈਸੇ ਭੇਜਦੀ ਹੈ ਤਾਂ ਉਸ 'ਚੋਂ 85 ਪੈਸੇ ਭ੍ਰਿਸ਼ਟਾਚਾਰ 'ਚ ਚਲੇ ਜਾਂਦੇ ਸਨ, ਕਾਂਗਰਸ ਅਜਿਹੀ ਪਾਰਟੀ ਹੈ ਜੋ ਹਰ ਯੋਜਨਾ 'ਚ 85 ਫ਼ੀ ਸਦੀ ਕਮਿਸ਼ਨ ਖਾਂਦੀ ਹੈ। ਉਨ੍ਹਾਂ ਕਿਹਾ, “2014 ਤੋਂ ਪਹਿਲਾਂ ਦੇਸ਼ ਦੀ ਸਥਿਤੀ ਕੀ ਸੀ? ਦੇਸ਼ ਭਰ ਵਿਚ ਲੋਕ ਭ੍ਰਿਸ਼ਟਾਚਾਰ ਵਿਰੁਧ ਸੜਕਾਂ ’ਤੇ ਸਨ। ਕਾਂਗਰਸ ਸਰਕਾਰ ਸਰਹੱਦ 'ਤੇ ਸੜਕਾਂ ਬਣਾਉਣ ਤੋਂ ਵੀ ਡਰਦੀ ਸੀ; ਹਰ ਰੋਜ਼ ਵੱਡੇ ਸ਼ਹਿਰਾਂ ਵਿਚ ਅਤਿਵਾਦੀ ਹਮਲੇ ਹੁੰਦੇ ਸਨ। ਔਰਤਾਂ ਵਿਰੁਧ ਅਪਰਾਧ ਬਹੁਤ ਜ਼ਿਆਦਾ ਸਨ।” ਮੋਦੀ ਨੇ ਕਿਹਾ, “ਸਾਲ 2014 ਤੋਂ ਪਹਿਲਾਂ ਪ੍ਰਧਾਨ ਮੰਤਰੀ ਕੋਲ ਸੁਪਰ ਪਾਵਰ ਸੀ, ਕਾਂਗਰਸ ਸਰਕਾਰ ਇਸ ਨੂੰ ਰਿਮੋਟ ਕੰਟਰੋਲ ਨਾਲ ਚਲਾਉਂਦੀ ਸੀ। ਫ਼ੈਸਲੇ ਨਹੀਂ ਹੁੰਦੇ ਸਨ, ਨਿਵੇਸ਼ਕ ਨਿਰਾਸ਼ ਸਨ, ਨੌਜਵਾਨਾਂ ਦੇ ਸਾਹਮਣੇ ਹਨੇਰਾ ਸੀ।'' ਪ੍ਰਧਾਨ ਮੰਤਰੀ ਨੇ ਕਿਹਾ, ”ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਵੀ ਨੌਂ ਸਾਲ ਪੂਰੇ ਹੋ ਗਏ ਹਨ। ਭਾਜਪਾ ਸਰਕਾਰ ਦੇ 9 ਸਾਲ ਦੇਸ਼ ਵਾਸੀਆਂ ਦੀ ਸੇਵਾ, ਸੁਸ਼ਾਸਨ, ਗਰੀਬਾਂ ਦੀ ਭਲਾਈ ਨੂੰ ਸਮਰਪਿਤ ਰਹੇ ਹਨ। ਦੁਨੀਆ ਦੇ ਵੱਡੇ-ਵੱਡੇ ਮਾਹਰ ਕਹਿ ਰਹੇ ਹਨ ਕਿ ਭਾਰਤ ਅੱਤ ਦੀ ਗਰੀਬੀ ਖਤਮ ਕਰਨ ਦੇ ਬਹੁਤ ਨੇੜੇ ਹੈ। ਇਹ ਤਬਦੀਲੀ ਕਿਵੇਂ ਆਈ? ਜਵਾਬ ਹੈ-ਸੱਭ ਦਾ ਸਾਥ, ਸੱਭ ਦਾ ਵਿਕਾਸ।'' ਉਨ੍ਹਾਂ ਕਿਹਾ, ''ਕਾਂਗਰਸ ਨੂੰ ਸਿਰਫ਼ ਝੂਠ ਬੋਲਣਾ ਆਉਂਦਾ ਹੈ ਅਤੇ ਅੱਜ ਵੀ ਉਹੀ ਕਰ ਰਹੀ ਹੈ। ਇਹ ਕਾਂਗਰਸ ਹੀ ਹੈ ਜੋ 'ਇਕ ਪੈਨਸ਼ਨ ਇਕ ਰੈਂਕ' ਦੇ ਨਾਂ 'ਤੇ ਚਾਰ ਦਹਾਕਿਆਂ ਤੋਂ ਸਾਡੇ ਸਾਬਕਾ ਸੈਨਿਕਾਂ ਨਾਲ ਧੋਖਾ ਕਰ ਰਹੀ ਹੈ”। ਇਸ ਮੌਕੇ ਕੇਂਦਰੀ ਮੰਤਰੀ ਅਰਜੁਨਰਾਮ ਮੇਘਵਾਲ, ਗਜੇਂਦਰ ਸਿੰਘ ਸ਼ੇਖਾਵਤ ਤੇ ਕੈਲਾਸ਼ ਚੌਧਰੀ, ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਪਾਰਟੀ ਦੇ ਸੂਬਾ ਇੰਚਾਰਜ ਅਰੁਣ ਸਿੰਘ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਜਿੰਦਰ ਰਾਠੌਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸੀ.ਪੀ.ਜੋਸ਼ੀ ਹਾਜ਼ਰ ਸਨ।