ਕਰਨਾਟਕ 'ਚ ਕਾਂਗਰਸ ਨੇ ਜਿੱਤ, 135 ਸੀਟਾਂ ਮਿਲੀਆਂ : ਕਿਹਾ- ਸੋਨੀਆ ਗਾਂਧੀ ਜੇਲ੍ਹ 'ਚ ਉਨ੍ਹਾਂ ਨੂੰ ਮਿਲਣ ਆਈ ਸੀ, ਮੈਂ ਉਨ੍ਹਾਂ ਨਾਲ ਜਿੱਤ ਦਾ ਵਾਅਦਾ ਕੀਤਾ ਸੀ : ਸ਼ਿਵਕੁਮਾਰ

ਕਰਨਾਟਕ, 13 ਮਈ : ਕਰਨਾਟਕ 'ਚ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ। ਕਾਂਗਰਸ ਨੂੰ 135 ਸੀਟਾਂ ਮਿਲੀਆਂ ਹਨ ਜਦਕਿ ਭਾਜਪਾ ਨੂੰ 65 ਤੇ ਜਨਤਾ ਦਲ ਨੂੰ 19 ਸੀਟਾਂ ਹਾਸਲ ਹੋਈਆਂ ਹਨ। ਦੁਪਹਿਰ 12 ਵਜੇ ਤੋਂ ਪਹਿਲਾਂ ਦੇ ਰੁਝਾਨਾਂ 'ਚ ਇਹ ਸਾਫ਼ ਹੋ ਗਿਆ ਸੀ ਕਿ ਕਾਂਗਰਸ ਦੀ ਜਿੱਤ ਹੋ ਰਹੀ ਹੈ। 12 ਵਜੇ ਕਰਨਾਟਕ ਕਾਂਗਰਸ ਦੇ ਮੁਖੀ ਡੀਕੇ ਸ਼ਿਵਕੁਮਾਰ ਘਰ ਦੀ ਬਾਲਕੋਨੀ 'ਚ ਆਏ, ਕਾਂਗਰਸ ਦਾ ਝੰਡਾ ਲਹਿਰਾਇਆ ਅਤੇ ਵਰਕਰਾਂ ਦੇ ਸਾਹਮਣੇ ਹੱਥ ਜੋੜ ਕੇ ਸੰਬੋਧਨ ਕੀਤਾ। ਮੀਡੀਆ ਵਿਚਾਲੇ ਪਹੁੰਚ ਕੇ ਉਹ ਭਾਵੁਕ ਹੋ ਗਏ ਤੇ ਕਿਹਾ- ਸੋਨੀਆ ਗਾਂਧੀ ਜੇਲ੍ਹ 'ਚ ਉਨ੍ਹਾਂ ਨੂੰ ਮਿਲਣ ਆਈ ਸੀ, ਮੈਂ ਉਨ੍ਹਾਂ ਨਾਲ ਜਿੱਤ ਦਾ ਵਾਅਦਾ ਕੀਤਾ ਸੀ। ਕਰੀਬ ਇੱਕ ਵਜੇ ਭਾਜਪਾ ਨੇ ਹਾਰ ਸਵੀਕਾਰ ਕਰ ਲਈ ਸੀ ਤੇ ਕਾਂਗਰਸ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਾਂਗਰਸ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਅੱਗੇ ਆ ਕੇ ਕਿਹਾ ਕਿ ਨਤੀਜਿਆਂ ਦਾ ਵਿਸ਼ਲੇਸ਼ਣ ਕਰਾਂਗੇ, ਪਾਰਟੀ ਲੋਕ ਸਭਾ ਚੋਣਾਂ 'ਚ ਜ਼ਬਰਦਸਤ ਵਾਪਸੀ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਮ 5.19 ਵਜੇ ਕਾਂਗਰਸ ਨੂੰ ਜਿੱਤ ਦੀ  ਵਧਾਈ ਦਿੱਤੀ ਸੀ ਤੇ ਭਾਜਪਾ ਵਰਕਰਾਂ  ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਸੀ। ਰਾਹੁਲ ਗਾਂਧੀ ਨੇ ਦੁਪਹਿਰ 2:30 ਵਜੇ ਦਿੱਲੀ ਵਿਚ ਮੀਡੀਆ ਨੂੰ ਸੰਬੋਧਨ ਕੀਤਾ। 6 ਵਾਰ ਮੀਡੀਆ ਨੂੰ ਹੈਲੋ ਕਿਹਾ ਅਤੇ 2 ਮਿੰਟ ਦਾ ਸਮਾਂ ਮੰਗਿਆ। ਫਿਰ ਕਿਹਾ ਕਿ ਅਸੀਂ ਨਫ਼ਰਤ ਨਾਲ ਲੜਾਈ ਨਹੀਂ ਲੜੀ ਕਰਨਾਟਕਾ ਨੇ ਸਿੱਧ ਕਰ ਦਿੱਤਾ ਕਿ ਉਹਨਾਂ ਨੂੰ ਮੁਹੱਬਤ ਪਸੰਦ ਹੈ। ਬੈਂਗਲੁਰੂ 'ਚ ਸ਼ਾਮ 7.15 'ਤੇ ਪ੍ਰੈੱਸ ਕਾਨਫ਼ਰੰਸ 'ਚ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ-ਭਾਜਪਾ ਸਾਨੂੰ ਤਾਅਨੇ ਮਾਰਦੀ ਸੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਬਣਾਵਾਂਗੇ। ਹੁਣ ਇਹ ਹਕੀਕਤ ਹੈ ਕਿ ਭਾਜਪਾ ਦੱਖਣ ਭਾਰਤੀ ਮੁਕਤ ਹੋ ਚੁੱਕੀ ਹੈ। ਸੂਬੇ ਦੇ ਲੋਕਾਂ ਨੇ ਫੈਸਲਾ ਕੀਤਾ ਅਤੇ ਸਾਨੂੰ 136 ਸੀਟਾਂ ਮਿਲੀਆਂ। 36 ਸਾਲਾਂ ਬਾਅਦ ਸਾਨੂੰ ਵੱਡੀ ਜਿੱਤ ਮਿਲੀ ਹੈ। ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ- ਇਹ ਕਰਨਾਟਕ ਦੇ ਸਵੈਮਾਣ ਦੀ ਜਿੱਤ ਹੈ। ਮੈਂ ਪਾਰਟੀ ਵਰਕਰਾਂ ਨੂੰ ਵਧਾਈ ਦਿੰਦਾ ਹਾਂ। ਕਰਨਾਟਕ ਨੇ ਇਤਿਹਾਸ ਰਚਿਆ ਹੈ। ਦੇਸ਼ ਨੂੰ ਰੌਸ਼ਨੀ ਦਿਖਾ ਦਿੱਤੀ ਹੈ। ਦੇਸ਼ ਦੇ ਲੱਖਾਂ ਮਜ਼ਦੂਰਾਂ ਅਤੇ ਕਰਨਾਟਕ ਦੇ 6.5 ਕਰੋੜ ਲੋਕਾਂ ਦਾ ਦਿਲੋਂ ਧੰਨਵਾਦ। ਇਸ ਚੋਣ 'ਚ ਭਾਜਪਾ ਅਤੇ ਕਾਂਗਰਸ ਦੇ ਕਈ ਵੱਡੇ ਚਿਹਰਿਆਂ ਦਾ ਸਿਆਸੀ ਭਵਿੱਖ ਦਾਅ 'ਤੇ ਲੱਗਾ ਹੋਇਆ ਸੀ। ਕਾਂਗਰਸ ਦੇ ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ, ਭਾਜਪਾ ਦੇ ਬਸਵਰਾਜ ਬੋਮਈ ਮੁੱਖ ਚਿਹਰੇ ਸਨ। ਇਹ ਤਿੰਨੋਂ ਚੋਣ ਜਿੱਤ ਗਏ ਪਰ ਬੋਮਾਈ ਅਤੇ ਉਸ ਦੇ 11 ਮੰਤਰੀ ਜਿੱਤ ਗਏ, 11 ਮੰਤਰੀ ਹਾਰ ਗਏ। ਕਾਂਗਰਸ ਪ੍ਰਧਾਨ ਵਜੋਂ ਮਲਿਕਾਅਰਜੁਨ ਖੜਗੇ ਲਈ ਵੀ ਇਹ ਬਹੁਤ ਮਹੱਤਵਪੂਰਨ ਚੋਣ ਸੀ। ਇੱਕ ਤਰਫਾ ਜਿੱਤ ਪਾਰਟੀ ਵਿਚ ਉਸ ਦਾ ਕੱਦ ਹੋਰ ਵਧਾਵੇਗੀ। ਗਿਣਤੀ ਤੋਂ ਬਾਅਦ ਜਦੋਂ ਕਾਂਗਰਸ ਦੀ ਜਿੱਤ ਦਾ ਰੁਝਾਨ ਆਉਣ ਲੱਗਾ ਤਾਂ ਪ੍ਰਿਅੰਕਾ ਗਾਂਧੀ ਸ਼ਿਮਲਾ ਸਥਿਤ ਹਨੂੰਮਾਨ ਮੰਦਰ 'ਚ ਪੂਜਾ ਕਰਨ ਪਹੁੰਚੀ। 27 ਅਪ੍ਰੈਲ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਜ਼ਹਿਰੀਲਾ ਸੱਪ ਕਿਹਾ ਸੀ ਅਤੇ 12 ਦਿਨਾਂ ਬਾਅਦ ਭਾਜਪਾ ਦਫ਼ਤਰ ਤੋਂ ਸੱਪ ਬਾਹਰ ਆ ਗਿਆ ਸੀ।

ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਖ਼ਰਾਬ ਪ੍ਰਸ਼ਾਸਨ ਅਤੇ ਕਾਂਗਰਸ ਦੀਆਂ ਪੰਜ ਗਾਰੰਟੀਆਂ ਨੂੰ ਵੋਟ ਦਿਤੀ ਹੈ : ਖੜਗੇ 
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਚੰਗੇ ਪ੍ਰਦਰਸ਼ਨ ਨੂੰ ਜਨਤਾ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਖ਼ਰਾਬ ਪ੍ਰਸ਼ਾਸਨ ਅਤੇ ਕਾਂਗਰਸ ਦੀਆਂ ਪੰਜ ਗਾਰੰਟੀਆਂ ਨੂੰ ਵੋਟ ਦਿਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕਾਂ ਨੂੰ ਅੱਜ ਸ਼ਾਮ ਤੱਕ ਬੰਗਲੌਰ ਪਹੁੰਚਣ ਲਈ ਕਿਹਾ ਗਿਆ ਹੈ ਤਾਂ ਜੋ ਸਰਕਾਰ ਬਣਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ। ਖੜਗੇ ਨੇ ਇਥੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਸਾਰਿਆਂ (ਨਵੇਂ ਚੁਣੇ ਗਏ ਵਿਧਾਇਕਾਂ) ਨੂੰ ਸੰਦੇਸ਼ ਭੇਜਿਆ ਹੈ ਕਿ ਉਹ ਅੱਜ ਸ਼ਾਮ ਤਕ ਇਥੇ ਪਹੁੰਚ ਜਾਣ। ਉਹ ਸ਼ਾਮ ਤਕ ਇਥੇ ਆ ਜਾਣਗੇ। ਇਸ ਤੋਂ ਬਾਅਦ ਹਾਈਕਮਾਂਡ ਇਕ ਆਬਜ਼ਰਵਰ ਭੇਜੇਗੀ ਅਤੇ ਫਿਰ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਕਾਂਗਰਸ ਦੀ ਜਿੱਤ ਦਾ ਸਿਹਰਾ ਲੋਕਾਂ ਨੂੰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਚੰਗੀ ਕਾਰਗੁਜ਼ਾਰੀ ਲੋਕਾਂ ਦੀ ਜਿੱਤ ਹੈ। ਕਾਂਗਰਸ ਪ੍ਰਧਾਨ ਮੁਤਾਬਕ, ''ਲੋਕਾਂ ਨੇ ਖੁਦ ਖੜ੍ਹੇ ਹੋ ਕੇ ਸਾਡਾ ਸਮਰਥਨ ਕੀਤਾ। ਉਨ੍ਹਾਂ ਨੇ ਭਾਜਪਾ ਦੇ ਖ਼ਰਾਬ ਪ੍ਰਸ਼ਾਸਨ ਵਿਰੁਧ ਗੁੱਸਾ ਜ਼ਾਹਰ ਕਰਦਿਆਂ ਵੋਟ ਪਾਈ। ਇਸ ਤੋਂ ਪਤਾ ਲੱਗਦਾ ਹੈ ਕਿ ਕਰਨਾਟਕ ਦੇ ਵੋਟਰ ਜਾਗ ਚੁੱਕੇ ਹਨ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਭਾਜਪਾ ਸ਼ਾਸਤ ਸੂਬਿਆਂ ਦੇ ਕਈ ਮੁੱਖ ਮੰਤਰੀਆਂ ਦੇ ਪ੍ਰਚਾਰ ਅਤੇ ਪੈਸੇ ਅਤੇ ਤਾਕਤ ਦੀ ਵਰਤੋਂ ਦੇ ਬਾਵਜੂਦ, ਲੋਕਾਂ ਨੇ ਇਕਜੁੱਟ ਹੋ ਕੇ ਕਾਂਗਰਸ ਨੂੰ ਵੋਟ ਦਿਤੀ।ਉਨ੍ਹਾਂ ਪਾਰਟੀ ਦੀ ਸੂਬਾ ਲੀਡਰਸ਼ਿਪ ਅਤੇ ਕਾਂਗਰਸੀ ਵਰਕਰਾਂ ਦੀ ਸ਼ਲਾਘਾ ਕੀਤੀ। ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ ਕਰਨਾਟਕ ਦੇ ਲੋਕਾਂ ਨੇ ਭਾਜਪਾ ਦੀ ਪੈਸੇ ਦੀ ਤਾਕਤ ਅਤੇ ਬਾਹੂਬਲ ਦੀ ਤਾਕਤ ਦੇ ਵਿਰੁਧ ਵੋਟ ਦਿਤਾ ਹੈ। ਉਨ੍ਹਾਂ ਜਿੱਤ ਲਈ ਕਰਨਾਟਕ ਦੇ ਲੋਕਾਂ ਦਾ ਧਨਵਾਦ ਵੀ ਕੀਤਾ।

ਪ੍ਰਿਯੰਕਾ ਗਾਂਧੀ ਨੇ ਪਾਰਟੀ ਦੀ ਜਿੱਤ ਨੂੰ ਲੈ ਕੇ ਪ੍ਰਦੇਸ਼ ਦੀ ਜਨਤਾ ਦਾ ਕੀਤਾ ਧੰਨਵਾਦ 
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਨੂੰ ਲੈ ਕੇ ਪ੍ਰਦੇਸ਼ ਦੀ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਇਹ ਦੇਸ਼ ਨੂੰ ਜੋੜਨ ਵਾਲੀ ਸਿਆਸਤ ਦੀ ਜਿੱਤ ਹੈ। ਕਰਨਾਟਕ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਲਈ ਖੂਬ ਪ੍ਰਚਾਰ ਕਰਨ ਵਾਲੀ ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ ਕਿ ਕਾਂਗਰਸ ਪਾਰਟੀ ਨੂੰ ਇਤਿਹਾਸਕ ਜਨਾਦੇਸ਼ ਦੇਣ ਲਈ ਕਰਨਾਟਕ ਦੀ ਜਨਤਾ ਦਾ ਤਹਿ ਦਿਲ ਤੋਂ ਧੰਨਵਾਦ। ਇਹ ਤੁਹਾਡੇ ਮੁੱਦਿਆਂ ਦੀ ਜਿੱਤ ਹੈ। ਇਹ ਕਰਨਾਟਕ ਦੀ ਤਰੱਕੀ ਦੇ ਵਿਚਾਰ ਨੂੰ ਤਰਜੀਹ ਦੇਣ ਦੀ ਜਿੱਤ ਹੈ। ਇਹ ਦੇਸ਼ ਨੂੰ ਜੋੜਨ ਵਾਲੀ ਸਿਆਸਤ ਦੀ ਜਿੱਤ ਹੈ। ਕਰਨਾਟਕ ਕਾਂਗਰਸ ਦੇ ਤਮਾਮ ਮਿਹਨਤੀ ਵਰਕਰਾਂ ਅਤੇ ਨੇਤਾਵਾਂ ਨੂੰ ਮੇਰੀ ਸ਼ੁੱਭਕਾਮਨਾਵਾਂ। ਤੁਹਾਡੀ ਸਾਰਿਆਂ ਦੀ ਮਿਹਨਤ ਰੰਗ ਲਿਆਈ। ਕਾਂਗਰਸ ਪਾਰਟੀ ਪੂਰੀ ਲਗਨ ਨਾਲ ਕਰਨਾਟਕ ਦੀ ਜਨਤਾ ਨੂੰ ਦਿੱਤੀ ਗਈ ਗਰੰਟੀ ਨੂੰ ਲਾਗੂ ਕਰਨ ਦਾ ਕੰਮ ਕਰੇਗੀ। ਜੈ ਕਰਨਾਟਕ, ਜੈ ਕਾਂਗਰਸ। ਕਾਂਗਰਸ ਦੀ ਜਿੱਤ 'ਤੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਤੁਹਾਡੇ ਮੁੱਦਿਆਂ ਦੀ ਜਿੱਤ ਹੈ, ਕਰਨਾਟਕ ਦੇ ਲੋਕਾਂ ਦੀ ਜਿੱਤ ਹੈ। ਕਾਂਗਰਸ ਪਾਰਟੀ ਕਰਨਾਟਕ ਦੇ ਲੋਕਾਂ ਨੂੰ ਦਿਤੀਆਂ ਗਰੰਟੀਆਂ ਅਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ। 

ਕਰਨਾਟਕ ਵਿਚ ਲੋਕਾਂ ਦੀ ਜਿੱਤ ਹੋਈ ਹੈ : ਰਾਹੁਲ
ਕਰਨਾਟਕ ਚੋਣਾਂ ਗ਼ਰੀਬ ਬਨਾਮ ਅਮੀਰਾਂ ਦੀ ਲੜਾਈ ਹੈ। ਕਰਨਾਟਕ ਵਿਚ ਲੋਕਾਂ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ, ''ਕਰਨਾਟਕ ਵਿਚ ਨਫ਼ਰਤ ਦਾ ਬਾਜ਼ਾਰ ਬੰਦ ਹੋ ਗਿਆ ਹੈ, ਮੁਹੱਬਤ ਦੀ ਦੁਕਾਨ ਖੁੱਲ੍ਹੀ ਹੈ।' ਰਾਹੁਲ ਨੇ ਕਿਹਾ ਕਿ ਸੂਬੇ ਵਿਚ ਪਿਆਰ ਦੀ ਜਿੱਤ ਹੋਈ ਹੈ ਅਤੇ ਨਫ਼ਰਤ ਹਾਰ ਗਈ ਹੈ। ਮੈਂ ਕਰਨਾਟਕ ਦੇ ਲੋਕਾਂ ਦਾ ਧਨਵਾਦ ਕਰਨਾ ਚਾਹੁੰਦਾ ਹਾਂ।'' ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਅਸੀਂ ਕਰਨਾਟਕ ਦੇ ਲੋਕਾਂ ਨਾਲ 5 ਵਾਅਦੇ ਕੀਤੇ ਸਨ, ਅਸੀਂ ਪਹਿਲੀ ਕੈਬਨਿਟ 'ਚ ਪਹਿਲੇ ਦਿਨ ਹੀ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਗ਼ਰੀਬਾਂ ਦੀ ਸ਼ਕਤੀ ਨੇ ਭਾਜਪਾ ਦੇ ਪੂੰਜੀਪਤੀ ਮਿੱਤਰਾਂ ਦੀ ਤਾਕਤ ਨੂੰ ਹਰਾਇਆ ਹੈ। ਰਾਹੁਲ ਗਾਂਧੀ ਨੇ ਕਿਹਾ, "ਸਭ ਤੋਂ ਪਹਿਲਾਂ ਮੈਂ ਅਪਣੇ ਵਰਕਰਾਂ, ਕਰਨਾਟਕ ਦੇ ਸਾਡੇ ਨੇਤਾਵਾਂ ਨੂੰ ਵਧਾਈ ਦਿੰਦਾ ਹਾਂ। ਕਾਂਗਰਸ ਪਾਰਟੀ ਕਰਨਾਟਕ ਵਿਚ ਗ਼ਰੀਬਾਂ ਦੇ ਨਾਲ ਖੜ੍ਹੀ ਹੈ। ਅਸੀਂ ਇਹ ਲੜਾਈ ਪਿਆਰ ਨਾਲ ਲੜੀ ਹੈ। ਕਰਨਾਟਕ ਨੇ ਦਿਖਾਇਆ ਹੈ ਕਿ ਇਹ ਦੇਸ਼ ਪਿਆਰ ਕਰਦਾ ਹੈ।" 

''ਮੈਂ ਇਸ ਜਿੱਤ ਦਾ ਸਿਹਰਾ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਦਿੰਦਾ ਹਾਂ : ਡੀ.ਕੇ. ਸ਼ਿਵਕੁਮਾਰ
ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਭਾਵੁਕ ਹੋ ਗਏ ਅਤੇ ਸੂਬੇ ਦੀ ਅਗਵਾਈ ਕਰਨ ਲਈ ਉਨ੍ਹਾਂ ਵਿਚ ਵਿਸ਼ਵਾਸ ਜਤਾਉਣ ਲਈ ਗਾਂਧੀ ਪਰਿਵਾਰ ਦਾ ਧਨਵਾਦ ਕੀਤਾ। ਸ਼ਿਵਕੁਮਾਰ ਕਾਂਗਰਸ ਦੀ ਕਾਰਗੁਜ਼ਾਰੀ ਬਾਰੇ ਗੱਲ ਕਰ ਰਹੇ ਸਨ, ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਸ਼ਿਵਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਹਾਈ ਕਮਾਂਡ ਨੂੰ ਕਿਹਾ ਹੈ ਕਿ ਉਹ ਕਰਨਾਟਕ ਵਿਚ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ। ਉਨ੍ਹਾਂ ਭਾਵੁਕ ਹੋ ਕੇ ਕਿਹਾ, ''ਮੈਂ ਇਸ ਜਿੱਤ ਦਾ ਸਿਹਰਾ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੂੰ ਦਿੰਦਾ ਹਾਂ। ਲੋਕਾਂ ਨੇ ਸਾਡੇ ਵਿਚ ਵਿਸ਼ਵਾਸ ਜਤਾਇਆ ਅਤੇ ਨੇਤਾਵਾਂ ਨੇ ਸਾਡਾ ਸਮਰਥਨ ਕੀਤਾ। ਇਹ ਸਮੂਹਕ ਅਗਵਾਈ ਹੈ ਅਤੇ ਅਸੀਂ ਮਿਲ ਕੇ ਕੰਮ ਕੀਤਾ ਹੈ।" ਸ਼ਿਵਕੁਮਾਰ ਨੇ ਕਿਹਾ, “ਮੈਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਕਾਂਗਰਸ ਪ੍ਰਧਾਨ ਮੱਲਿਕਾਅਰਜੁਨ ਖੜਗੇ ਨੂੰ ਕਿਹਾ ਸੀ ਕਿ ਅਸੀਂ ਕਰਨਾਟਕ ਜਿੱਤਾਂਗੇ। ਮੈਂ ਇਹ ਨਹੀਂ ਭੁੱਲ ਸਕਦਾ ਕਿ ਜਦੋਂ ਭਾਜਪਾ ਨੇ ਮੈਨੂੰ ਜੇਲ ਵਿਚ ਬੰਦ ਕੀਤਾ ਸੀ ਤਾਂ ਸੋਨੀਆ ਗਾਂਧੀ ਮੈਨੂੰ ਮਿਲਣ ਆਏ ਸਨ। ਗਾਂਧੀ ਪ੍ਰਵਾਰ, ਕਾਂਗਰਸ ਅਤੇ ਪੂਰੇ ਦੇਸ਼ ਨੇ ਮੇਰੇ 'ਤੇ ਇਹ ਭਰੋਸਾ ਪ੍ਰਗਟਾਇਆ ਸੀ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਸਮੇਤ ਸੂਬੇ ਦੇ ਪਾਰਟੀ ਨੇਤਾਵਾਂ, ਵਿਧਾਇਕਾਂ ਅਤੇ ਅਹੁਦੇਦਾਰਾਂ ਦਾ ਧਨਵਾਦ ਕੀਤਾ।