ਅੰਗਾਂ 'ਤੇ ਸੱਟ ਲੱਗਣ, ਖੂਨ ਵਹਿਣ ਅਤੇ ਸਦਮੇ ਦੇ ਚਲਦਿਆਂ ਹੋਈ ਲੜਕੀ ਦੀ ਮੌਤ : ਪੁਲਿਸ ਕਮਿਸ਼ਨਰ

ਸਖ਼ਤ ਸੁਰੱਖਿਆ ਹੇਠ ਅੰਤਿਮ ਸੰਸਕਾਰ ਲਈ ਲਿਆਂਦਾ ਕੁੜੀ ਦੀ ਲਾਸ਼ ਨੂੰ, ਸ਼ਮਸਾਨਘਾਟ ’ਚ ਲੋਕਾਂ ਦਾ ਭਾਰੀ ਇੱਕਠ

ਨਵੀਂ ਦਿੱਲੀ, 03 ਜਨਵਰੀ : ਦਿੱਲੀ ਦੇ ਕਾਂਝਵਾਲਾ ਮੌਤ ਮਾਮਲੇ 'ਚ ਲੜਕੀ ਦਾ ਮੰਗਲਵਾਰ ਸ਼ਾਮ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਲਾਸ਼ ਨੂੰ ਸਖ਼ਤ ਸੁਰੱਖਿਆ ਹੇਠ ਸ਼ਮਸ਼ਾਨਘਾਟ ਲਿਜਾਇਆ ਗਿਆ। ਅੰਤਿਮ ਯਾਤਰਾ 'ਚ ਪੁਲਿਸ ਫੋਰਸ ਦੇ ਨਾਲ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਸਨ। ਦੱਸ ਦੇਈਏ ਕਿ  ਅੰਤਿਮ ਯਾਤਰਾ 'ਚ ਸ਼ਾਮਿਲ ਵਾਹਨ 'ਤੇ ਇਕ ਪੋਸਟਰ ਲਗਾਇਆ ਗਿਆ ਹੈ, ਜਿਸ 'ਚ ਲਿਖਿਆ ਹੈ ਕਿ ਲੜਕੀ ਇਨਸਾਫ ਚਾਹੁੰਦੀ ਹੈ। ਲੋਕਾਂ ਨੇ ਦਿੱਲੀ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ ਤਿੰਨ ਡਾਕਟਰਾਂ ਦੇ ਪੈਨਲ ਨੇ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕੀਤਾ, ਜਿਸ ਦੀ ਰਿਪੋਰਟ ਮੰਗਲਵਾਰ ਦੁਪਹਿਰ ਨੂੰ ਆਈ।  ਪੋਸਟਮਾਰਟਮ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਲੜਕੀ ਦੀ ਮੌਤ ਕਾਰ ਤੋਂ ਘਸੀਟਣ ਤੋਂ ਬਾਅਦ ਹੋਈ ਹੈ।

ਅੰਗਾਂ 'ਤੇ ਸੱਟ ਲੱਗਣ, ਖੂਨ ਵਹਿਣ ਅਤੇ ਸਦਮੇ ਦੇ ਚਲਦਿਆਂ ਹੋਈ ਲੜਕੀ ਦੀ ਮੌਤ : ਪੁਲਿਸ ਕਮਿਸ਼ਨਰ
ਦਿੱਲੀ 'ਚ ਕਾਰ ਦੀ ਲਪੇਟ 'ਚ ਆਉਣ ਮਗਰੋਂ 12 ਕਿਲੋਮੀਟਰ ਤੱਕ ਘਸੀਟੇ ਜਾਣ ਕਾਰਨ ਮੌਤ ਦਾ ਸ਼ਿਕਾਰ ਹੋਈ 20 ਸਾਲਾ ਲੜਕੀ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਪੁਲਿਸ ਨੇ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਿਰ, ਰੀੜ੍ਹ ਦੀ ਹੱਡੀ ਅਤੇ ਹੇਠਲੇ ਅੰਗਾਂ 'ਤੇ ਸੱਟ ਲੱਗਣ ਕਾਰਨ ਖੂਨ ਵਹਿਣ ਅਤੇ ਸਦਮੇ ਦੇ ਚਲਦਿਆਂ ਲੜਕੀ ਦੀ ਮੌਤ ਹੋਈ ਹੈ। ਰਿਪੋਰਟ ਵਿਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਲੜਕੀ ਨੂੰ ਲੱਗੀਆਂ ਸੱਟਾਂ ਵਿਚੋਂ ਕੋਈ ਵੀ ਸੱਟ ਜਿਨਸੀ ਸੋਸ਼ਣ ਦਾ ਸੰਕੇਤ ਨਹੀਂ ਦਿੰਦੀ। ਰਿਪੋਰਟ ਦਾ ਹਵਾਲਾ ਦਿੰਦੇ ਹੋਏ ਵਿਸ਼ੇਸ਼ ਪੁਲਿਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਸਾਗਰ ਪ੍ਰੀਤ ਹੁੱਡਾ ਨੇ ਕਿਹਾ, “ਸਿਰ, ਰੀੜ੍ਹ ਦੀ ਹੱਡੀ, ਖੱਬੇ ਪੱਟ ਦੀ ਹੱਡੀ ਅਤੇ ਦੋਵੇਂ ਲੱਤਾਂ ਵਿਚ ਗੰਭੀਰ ਸੱਟਾਂ ਦੇ ਨਤੀਜੇ ਵਜੋਂ ਖੂਨ ਵਹਿ ਗਿਆ। ਸਾਰੀਆਂ ਸੱਟਾਂ ਸੰਭਵ ਤੌਰ 'ਤੇ ਵਾਹਨ ਦੁਰਘਟਨਾ ਅਤੇ ਖਿੱਚੇ ਜਾਣ ਕਾਰਨ ਲੱਗੀਆਂ”। ਉਹਨਾਂ ਕਿਹਾ, ‘ਇਸ ਦੇ ਨਾਲ ਹੀ ਰਿਪੋਰਟ ਤੋਂ ਸੰਕੇਤ ਮਿਲਦਾ ਹੈ ਕਿ ਕੋਈ ਵੀ ਸੱਟ ਜਿਨਸੀ ਸੋਸ਼ਣ ਦਾ ਸਬੂਤ ਨਹੀਂ ਦਿੰਦੀ ਹੈ। ਅੰਤਿਮ ਰਿਪੋਰਟ ਸਮੇਂ ਸਿਰ ਪ੍ਰਾਪਤ ਕੀਤੀ ਜਾਵੇਗੀ, ਮਾਮਲੇ ਦੀ ਜਾਂਚ ਜਾਰੀ ਹੈ।''