ਉੱਤਰ ਭਾਰਤ 'ਚ ਠੰਢ ਅਤੇ ਸ਼ੀਤ ਲਹਿਰ ਜਾਰੀ, ਪੰਜਾਬ-ਹਰਿਆਣਾ ਵਿੱਚ ਸੰਘਣੀ ਧੁੰਦ ਛਾਈ

ਨਵੀਂ ਦਿੱਲੀ, 8 ਜਨਵਰੀ : ਦੇਸ਼ ਦੀ ਰਾਜਧਾਨੀ ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰ ਭਾਰਤ 'ਚ ਸੀਤ ਲਹਿਰ ਜਾਰੀ ਹੈ। ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸੰਘਣੀ ਧੁੰਦ, ਠੰਢ ਅਤੇ ਸ਼ੀਤ ਲਹਿਰ ਦੇ ਹਾਲਾਤ ਬਰਕਰਾਰ ਹਨ। ਪੰਜਾਬ-ਹਰਿਆਣਾ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਦੌਰਾਨ ਦਿੱਲੀ, ਉੱਤਰਾਖੰਡ, ਰਾਜਸਥਾਨ, ਬਿਹਾਰ, ਯੂਪੀ-ਐਮਪੀ, ਪੱਛਮੀ ਬੰਗਾਲ, ਸਿੱਕਮ, ਅਸਾਮ ਅਤੇ ਤ੍ਰਿਪੁਰਾ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਕਈ ਰਾਜਾਂ ਵਿੱਚ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ। ਉੱਤਰੀ ਭਾਰਤ ਇਨ੍ਹੀਂ ਦਿਨੀਂ ਭਾਰੀ ਠੰਡ ਦੀ ਲਪੇਟ 'ਚ ਹੈ।ਦਿੱਲੀ ਦੇ ਕਈ ਇਲਾਕਿਆਂ 'ਚ ਪਾਰਾ 2 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ। ਅੱਜ 8 ਜਨਵਰੀ ਨੂੰ ਦਿੱਲੀ 'ਚ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਹੈ। ਸਫਦਰਜੰਗ ਵਿੱਚ ਘੱਟੋ-ਘੱਟ ਤਾਪਮਾਨ 1.9 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ (IMD) ਅਨੁਸਾਰ ਅੱਜ ਐਤਵਾਰ 8 ਜਨਵਰੀ ਨੂੰ ਦਿੱਲੀ ਦੇ ਪਾਲਮ ਇਲਾਕੇ ਵਿੱਚ ਘੱਟੋ-ਘੱਟ ਤਾਪਮਾਨ 2.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਸਫਦਰਜੰਗ 1.9, ਲੋਧੀ ਰੋਡ 2.8, ਰਿਜ 2.2 ਅਤੇ ਅਯਾਨਗਰ 2.6 ਡਿਗਰੀ ਸੈਲਸੀਅਸ ਘੱਟੋ-ਘੱਟ ਪਾਰਾ ਦਰਜ ਕੀਤਾ ਗਿਆ।ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਅੱਜ  8 ਜਨਵਰੀ ਨੂੰ ਦਿੱਲੀ ਵਿੱਚ ਸੀਤ ਲਹਿਰ ਦਾ ਪ੍ਰਕੋਪ ਜਾਰੀ ਰਹੇਗਾ। ਇਸ ਦੌਰਾਨ ਘੱਟੋ-ਘੱਟ ਤਾਪਮਾਨ 2 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਹੋ ਸਕਦਾ ਹੈ। ਸੀਤ ਲਹਿਰ ਦੇ ਨਾਲ-ਨਾਲ ਧੁੰਦ ਵੀ ਪ੍ਰੇਸ਼ਾਨ ਕਰੇਗੀ।