ਚੰਦਰਮਾ ਦੀ ਸਤ੍ਹਾ ’ਤੇ ਸਫ਼ਲਤਾਪੂਰਵਕ ਉੱਤਰਿਆ ਚੰਦਰਯਾਨ-3, ਦਖਣੀ ਧਰੁਵ ਪੁੱਜਣ ਵਾਲਾ ਪਹਿਲਾ ਦੇਸ਼ ਬਣਿਆ ਭਾਰਤ 

ਬੇਂਗਲੁਰੂ,  23 ਅਗਸਤ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀ ਤੀਜੀ ਚੰਨ ਮੁਹਿੰਮ ਚੰਦਰਯਾਨ-3 ਦਾ ਲੈਂਡਰ ਮਾਡਿਊਲ (ਐਲ.ਐਮ.) ਬੁਧਵਾਰ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ’ਤੇ ਸਫ਼ਲਤਾਪੂਰਵਕ ਉਤਰ ਗਿਆ। ਇਸ ਤੋਂ ਬਾਅਦ ਭਾਰਤ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ ਅਤੇ ਧਰਤੀ ਦੇ ਇਕਲੌਤੇ ਕੁਦਰਤੀ ਉਪਗ੍ਰਹਿ ਦੇ ਦਖਣੀ ਧਰੁਵ ਤਕ ਪੁੱਜਣ ਵਾਲਾ ਪਹਿਲਾ ਦੇਸ਼, ਜੋ ਹੁਣ ਤਕ ਅਛੂਤਾ ਰਿਹਾ ਹੈ। ਐਲ.ਐਮ. ’ਚ ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਹਨ। ਸਫ਼ਲਤਾਪੂਰਵਕ ਉਤਰਨ ਤੋਂ ਬਾਅਦ ਰੋਵਰ ‘ਪ੍ਰਗਿਆਨ’ ਦਖਣੀ ਧਰੁਵੀ ਖੇਤਰ ਦਾ ਘੁਮ ਕੇ ਵਿਗਿਆਨਕ ਪ੍ਰਯੋਗ ਕਰੇਗਾ। 600 ਕਰੋੜ ਰੁਪਏ ਦਾ ਚੰਦਰਯਾਨ-3 ਮਿਸ਼ਨ 14 ਜੁਲਾਈ ਨੂੰ ਲਾਂਚ ਵਹੀਕਲ ਮਾਰਕ-III (LVM-III) ਰਾਕੇਟ ਰਾਹੀਂ ਲਾਂਚ ਕੀਤਾ ਗਿਆ ਸੀ ਅਤੇ ਹੁਣ ਤਕ 41 ਦਿਨਾਂ ਦਾ ਸਫ਼ਰ ਤੈਅ ਕਰ ਚੁਕਾ ਹੈ। ਇਸਰੋ ਦੇ ਵਿਗਿਆਨੀਆਂ ਤੋਂ ਇਲਾਵਾ ਯੂਰਪੀ ਪੁਲਾੜ ਏਜੰਸੀ (ਈ.ਐਸ.ਏ) ਦੇ ਅਧਿਕਾਰੀ ਵੀ ਚੰਦਰਯਾਨ-3 ਮਿਸ਼ਨ ਦੇ ‘ਲੈਂਡਰ ਮਾਡਿਊਲ’ ਦੀ ਨਿਗਰਾਨੀ ਕਰ ਰਹੇ ਹਨ। ਇਕ ਸੀਨੀਅਰ ਵਿਗਿਆਨੀ ਨੇ ਬੁਧਵਾਰ ਨੂੰ ਇਹ ਦਸਿਆ। ਚੰਦਰ ਦੇ ਦੱਖਣੀ ਧਰੁਵ ਨੂੰ ਲੈਂਡਿੰਗ ਸਾਈਟ ਵਜੋਂ ਚੁਣਿਆ ਗਿਆ ਸੀ ਕਿਉਂਕਿ ਇਸ ਵਿੱਚ ਪਰਛਾਵੇਂ ਵਾਲੇ ਟੋਇਆਂ ਦੇ ਅੰਦਰ ਪਾਣੀ ਅਤੇ ਬਰਫ਼ ਦੀ ਮੌਜੂਦਗੀ ਹੈ। ਚੰਦਰਯਾਨ 3 ਦੀ ਲੈਂਡਿੰਗ ਤੋਂ ਬਾਅਦ, ਵਿਕਰਮ ਲੈਂਡਰ ਚੰਦਰਮਾ ਦੀ ਸਤਹ ਦੀ ਬਣਤਰ, ਚੰਦਰਮਾ ਦੀ ਮਿੱਟੀ ਵਿੱਚ ਪਾਣੀ ਦੀ ਬਰਫ਼ ਦੀ ਮੌਜੂਦਗੀ, ਚੰਦਰਮਾ ਦੇ ਪ੍ਰਭਾਵਾਂ ਦੇ ਇਤਿਹਾਸ ਅਤੇ ਸਮੇਂ ਦੇ ਨਾਲ ਚੰਦਰਮਾ ਦਾ ਵਾਯੂਮੰਡਲ ਕਿਵੇਂ ਵਿਕਸਿਤ ਹੋਇਆ ਹੈ ਬਾਰੇ ਡੂੰਘਾਈ ਨਾਲ ਜਾਣਕਾਰੀ ਪ੍ਰਦਾਨ ਕਰੇਗਾ। ਇਸਰੋ ਦੇ ਇਸ ਮਿਸ਼ਨ ਦੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਨੂੰ ਵਧਾਈ ਦਿੰਦੇ ਹੋਏ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਆਪਣੇ ਇੱਕ ਸੰਬੋਧਨ ਵਿੱਚ ਕਿਹਾ ਕਿ ਇਸ ਮਿਸ਼ਨ ਤੋਂ ਬਾਅਦ ਹਰ ਭਾਰਤੀ ਦਾ ਸੀਨਾ ਮਾਣ ਨਾਲ ਉੱਚਾ ਹੋ ਗਿਆ ਹੈ। ਚੰਦਰਯਾਨ-3 ਦੀ ਸਫਲਤਾ 'ਤੇ ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ ਕਿ ਪੀਐਮ ਮੋਦੀ ਨੇ ਸਾਨੂੰ ਸਾਰਿਆਂ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਸਾਡੇ ਵਿੱਚੋਂ ਹਰੇਕ ਨੂੰ ਵਧਾਈ ਦੇਣਾ ਚਾਹੁੰਦੇ ਹਨ। ਇਸਰੋ ਦਾ ਅਗਲਾ ਮਿਸ਼ਨ ਆਦਿਤਿਆ ਐਲ-1 ਮਿਸ਼ਨ ਹੈ ਜੋ ਸ਼੍ਰੀਹਰੀਕੋਟਾ ਵਿਖੇ ਤਿਆਰ ਹੋ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ, ਇਸਰੋ ਨੇ ਬੁੱਧਵਾਰ ਨੂੰ ਚੰਦਰਯਾਨ-3 ਦੇ ਲੈਂਡਰ ਹਰੀਜ਼ੋਂਟਲ ਵੇਲੋਸਿਟੀ ਕੈਮਰੇ ਦੁਆਰਾ ਉਤਰਨ ਦੌਰਾਨ ਚੰਦਰਮਾ ਦੀਆਂ ਸਤਹਾਂ ਦੀਆਂ ਤਾਜ਼ਾ ਤਸਵੀਰਾਂ ਜਾਰੀ ਕੀਤੀਆਂ।


ਨਾਸਾ ਨੇ ਇਸਰੋ ਨੂੰ ਦਿੱਤੀ ਵਧਾਈ 
ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪ੍ਰਸ਼ਾਸਕ ਬਿਲ ਨੈਲਸਨ ਨੇ ਚੰਦਰਯਾਨ-3 ਦੇ ਵਿਕਰਮ ਲੈਂਡਰ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਉਤਰਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, "ਚੰਦਰਮਾ ਦੇ ਦੱਖਣੀ ਧਰੁਵ 'ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ 'ਤੇ ਇਸਰੋ ਨੂੰ ਵਧਾਈ! ਚੰਦਰਮਾ 'ਤੇ ਪੁਲਾੜ ਯਾਨ ਨੂੰ ਸਫਲਤਾਪੂਰਵਕ ਸਾਫਟ-ਲੈਂਡ ਕਰਨ ਵਾਲਾ ਚੌਥਾ ਦੇਸ਼ ਬਣਨ 'ਤੇ ਭਾਰਤ ਨੂੰ ਵਧਾਈ। ਸਾਨੂੰ ਇਸ ਮਿਸ਼ਨ 'ਚ ਤੁਹਾਡਾ ਸਾਥੀ ਬਣ ਕੇ ਖੁਸ਼ੀ ਹੈ।


ਪੀਐਮ ਮੋਦੀ ਨੇ ਇਸਰੋ ਮੁਖੀ ਨੂੰ ਫ਼ੋਨ ਫੋਨ ਕਰਕੇ ਵਧਾਈ ਦਿੱਤੀ।
ਚੰਦਰਯਾਨ-3 ਦੀ ਸਫਲਤਾ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਤੋਂ ਇਸਰੋ ਦੇ ਮੁਖੀ ਐਸ ਸੋਮਨਾਥ ਨੂੰ ਫੋਨ ਕਰਕੇ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ, "ਤੁਹਾਡਾ ਨਾਮ ਸੋਮਨਾਥ ਚੰਦਰ ਨਾਲ ਜੁੜਿਆ ਹੈ, ਇਸ ਲਈ ਤੁਹਾਡੇ ਪਰਿਵਾਰਕ ਮੈਂਬਰ ਵੀ ਬਹੁਤ ਖੁਸ਼ ਹੋਣਗੇ। ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ।" ਚੰਦਰਯਾਨ-3 ਮਿਸ਼ਨ ਦੀ ਸਫਲਤਾ 'ਤੇ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦਾ ਇਹ ਸਫਲ ਚੰਦਰਮਾ ਮਿਸ਼ਨ ਇਕੱਲੇ ਭਾਰਤ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਸਮੁੱਚੀ ਮਨੁੱਖਤਾ ਲਈ ਹੈ। ਚੰਦਰਯਾਨ-3 ਦੇ ਵਿਕਰਮ ਲੈਂਡਰ ਦੀ ਚੰਦਰਮਾ 'ਤੇ ਸਫਲ ਲੈਂਡਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਸਮੇਤ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਸਾਇਟਿਸਟਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ, "ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚ ਗਿਆ ਹੈ, ਜਿੱਥੇ ਹੁਣ ਤੱਕ ਕੋਈ ਵੀ ਦੇਸ਼ ਨਹੀਂ ਪਹੁੰਚਿਆ ਹੈ। ਚੰਦਾ ਮਾਮਾ ਬਹੁਤ ਦੂਰ ਹੈ। ਹੁਣ ਉਹ ਦਿਨ ਵੀ ਆਵੇਗਾ ਜਦੋਂ ਬੱਚੇ ਕਹਿਣਗੇ ਕਿ ਚੰਦਾ ਮਾਮਾ ਦੌਰੇ ਤੋਂ ਆਈ ਹੈ।" ਚੰਦਰਯਾਨ-3 ਦੇ ਸਫਲ ਲੈਂਡਿੰਗ ਤੋਂ ਪਹਿਲਾਂ ਪੀਐਮ ਮੋਦੀ ਨੇ ਕਿਹਾ ਕਿ ਸਾਨੂੰ ਬ੍ਰਿਕਸ ਸਪੇਸ ਐਕਸਪਲੋਰੇਸ਼ਨ ਐਸੋਸੀਏਸ਼ਨ ਦੀ ਸਥਾਪਨਾ ਬਾਰੇ ਸੋਚਣਾ ਚਾਹੀਦਾ ਹੈ । ਉਨ੍ਹਾਂ ਅੱਗੇ ਕਿਹਾ, "ਅਸੀਂ ਪਹਿਲਾਂ ਹੀ ਬ੍ਰਿਕਸ ਉਪਗ੍ਰਹਿ ਤਾਰਾਮੰਡਲ 'ਤੇ ਕੰਮ ਕਰ ਰਹੇ ਹਾਂ, ਪਰ ਇੱਕ ਕਦਮ ਅੱਗੇ ਵਧਾਉਣ ਲਈ, ਸਾਨੂੰ ਬ੍ਰਿਕਸ ਸਪੇਸ ਐਕਸਪਲੋਰੇਸ਼ਨ ਕੰਸੋਰਟੀਅਮ ਸਥਾਪਤ ਕਰਨ ਬਾਰੇ ਸੋਚਣਾ ਚਾਹੀਦਾ ਹੈ।" 

36 ਲੱਖ ਤੋਂ ਵੱਧ ਲੋਕਾਂ ਨੇ ਵੇਖੀ ਚੰਦਰਯਾਨ-3 ਦੀ ਲੈਂਡਿੰਗ
ਭਾਰਤ ਨੇ ਬੁੱਧਵਾਰ ਨੂੰ ਆਪਣੇ ਚੰਦ ਮਿਸ਼ਨ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਤੋਂ ਬਾਅਦ ਇਤਿਹਾਸ ਰਚ ਦਿੱਤਾ। ਇਸ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਦੇ ਚੰਦਰਯਾਨ-3 ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 14 ਜੁਲਾਈ ਨੂੰ ਚੰਦਰਮਾ 'ਤੇ ਸਾਫਟ ਲੈਂਡਿੰਗ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਾਂਚ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਹੁਣ ਤੱਕ ਅਰਬਾਂ ਲੋਕ ਇਸ ਦਾ ਲਾਈਵ ਵੀਡੀਓ ਦੇਖ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮਿਸ਼ਨ ਮੂਨ ਦੀ ਲਾਈਵ ਸਟ੍ਰੀਮ ਨੇ ਹੁਣ ਤੱਕ ਸਪੈਨਿਸ਼ ਸਟ੍ਰੀਮਰ ਇਬਾਈ ਦੇ 3.4 ਮਿਲੀਅਨ ਦਰਸ਼ਕਾਂ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਜਦਕਿ ਇਸ ਸਮੇਂ ਇਸਰੋ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ 36 ਲੱਖ ਤੋਂ ਵੱਧ ਲੋਕ ਦੇਖ ਰਹੇ ਹਨ। ਜਾਣਕਾਰੀ ਅਨੁਸਾਰ, ਚੰਦਰਯਾਨ-3 ਆਈਏਐਫ ਦੀਆਂ ਗਤੀਵਿਧੀਆਂ ਅਤੇ ਇਸ ਦੇ ਸਾਫਟ ਲੈਂਡਿੰਗ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਟੀਵੀ ਚੈਨਲਾਂ 'ਤੇ ਲਾਈਵ ਸਟ੍ਰੀਮ ਕੀਤਾ ਗਿਆ ਹੈ।