ਕੇਂਦਰ ਸਰਕਾਰ ਨੇ ਮਨਰੇਗਾ ਤਹਿਤ ਮਜ਼ਦੂਰੀ ਦਰਾਂ ਵਿਚ ਵਾਧੇ ਲਈ ਨੋਟੀਫ਼ੀਕੇਸ਼ਨ ਕੀਤਾ ਜਾਰੀ

ਨਵੀਂ ਦਿੱਲੀ,  27 ਮਾਰਚ : ਕੇਂਦਰ ਸਰਕਾਰ ਨੇ ਵਿੱਤੀ ਸਾਲ 2023-24 ਲਈ ਪੇਂਡੂ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਮਨਰੇਗਾ ਤਹਿਤ ਮਜ਼ਦੂਰੀ ਦਰਾਂ ਵਿਚ ਵਾਧੇ ਲਈ ਨੋਟੀਫ਼ੀਕੇਸ਼ਨ ਜਾਰੀ ਕੀਤਾ ਹੈ। ਕੇਂਦਰੀ ਗ੍ਰਾਮੀਣ ਵਿਕਾਸ ਮੰਤਰਾਲੇ ਜੋ ਕਿ ਸਰਕਾਰ ਦੇ ਅਧੀਨ ਆਉਂਦਾ ਹੈ, ਨੇ 24 ਮਾਰਚ ਨੂੰ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ ਤਹਿਤ ਮਜ਼ਦੂਰੀ ਦਰਾਂ ਵਿਚ ਬਦਲਾਅ ਲਈ ਇਕ ਨੋਟੀਫ਼ੀਕੇਸ਼ਨ ਜਾਰੀ ਕੀਤਾ ਹੈ। 1 ਅਪ੍ਰੈਲ ਤੋਂ 7 ਰੁਪਏ ਤੋਂ ਲੈ ਕੇ 26 ਰੁਪਏ ਤੱਕ ਦੇ ਤਨਖਾਹ ਵਾਧੇ ਨੂੰ ਲਾਗੂ ਕੀਤਾ ਜਾਵੇਗਾ। ਇਸ ਸਮੇਂ ਮਨਰੇਗਾ ਵਿਚ ਸਭ ਤੋਂ ਵੱਧ ਮਜ਼ਦੂਰੀ ਹਰਿਆਣਾ ਵਿਚ 357 ਰੁਪਏ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਸਭ ਤੋਂ ਘੱਟ 221 ਰੁਪਏ ਹੈ। ਨੋਟੀਫ਼ੀਕੇਸ਼ਨ ਮਨਰੇਗਾ, 2005 ਦੀ ਧਾਰਾ 6 (1) ਤਹਿਤ ਜਾਰੀ ਕੀਤਾ ਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਮਜ਼ਦੂਰਾਂ ਲਈ ਉਜਰਤ ਦਰਾਂ ਤੈਅ ਕੀਤੀਆਂ ਜਾਣਗੀਆਂ। ਮਨਰੇਗਾ ਦੇ ਲਾਭਪਾਤਰੀਆਂ ਲਈ ਮਜ਼ਦੂਰੀ ’ਚ ਵਾਧਾ 7 ਰੁਪਏ ਤੋਂ ਲੈ ਕੇ 26 ਰੁਪਏ ਕਰ ਦਿਤਾ ਗਿਆ ਹੈ, ਜੋ ਕਿ 1 ਅਪ੍ਰੈਲ ਤੋਂ ਲਾਗੂ ਹੋਵੇਗਾ।