ਜੈਪੁਰ – ਅਜਮੇਰ ਨੈਸ਼ਨਲ ਹਾਈਵੇ ਤੇ ਸੀਮਿੰਟ ਨਾਲ ਭਰਿਆ ਟੈਂਕਰ - ਅਲਟੋ ਕਾਰ ਤੇ ਪਲਟਿਆ, 8 ਲੋਕਾਂ ਦੀ ਮੌਤ

ਜੈਪੁਰ, 04 ਮਈ : ਰਾਜਸਥਾਨ ਦੇ ਜੈਪੁਰ – ਅਜਮੇਰ ਨੈਸ਼ਨਲ ਹਾਈਵੇ ਤੇ ਰਾਮ ਨਗਰ ਨੇੜੇ ਇੱਕ ਸੀਮਿੰਟ ਨਾਲ ਭਰਿਆ ਟੈਂਕਰ - ਅਲਟੋ ਕਾਰ ਤੇ ਪਲਟ ਗਿਆ, ਇਸ ਹਾਦਸੇ ‘ਚ ਕਾਰ ਵਿੱਚ ਸਵਾਰ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3 ਗੰਭੀਰ ਜਖ਼ਮੀ ਹਨ। ਮਿਲੀ ਜਾਣਕਾਰੀ ਰਾਜਸਥਾਨ ਦੇ ਰਾਮਨਗਰ ਖੇਤਰ 'ਚ ਦੁਪਹਿਰ ਨੂੰ ਟਾਇਰ ਫਟਣ ਕਾਰਨ ਇਕ ਟੈਂਕਰ ਬੇਕਾਬੂ ਹੋ ਕੇ ਡਿਵਾਈਡਰ ਨੂੰ ਤੋੜ ਕੇ ਇਕ ਕਾਰ 'ਤੇ ਪਲਟ ਗਿਆ। ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਨੇ ਜੈਪੁਰ ਦੇ ਐਸਐਮਐਸ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਇਸ ਹਾਦਸੇ 'ਚ ਤਿੰਨ ਲੋਕ ਜ਼ਖਮੀ ਹੋ ਗਏ ਹਨ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕ ਫੱਗੀ ਦੇ ਰਹਿਣ ਵਾਲੇ ਸਨ। ਇਹ ਸਾਰੇ ਕਾਰ 'ਚ ਅਜਮੇਰ 'ਚ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ 'ਤੇ ਮੱਥਾ ਟੇਕਣ ਜਾ ਰਹੇ ਸਨ। ਡੱਡੂ ਥਾਣੇ ਦੇ ਏਐਸਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਹਾਈਵੇਅ ਤੋਂ ਲੰਘ ਰਿਹਾ ਟੈਂਕਰ ਸੀਮਿੰਟ ਨਾਲ ਭਰਿਆ ਹੋਇਆ ਸੀ। ਦੁਪਹਿਰ ਕਰੀਬ 12.30 ਵਜੇ ਅਚਾਨਕ ਟਾਇਰ ਫਟਣ ਕਾਰਨ ਟੈਂਕਰ ਦਾ ਡਰਾਈਵਰ ਕੰਟਰੋਲ ਗੁਆ ਬੈਠਾ। ਸਿੱਟੇ ਵਜੋਂ ਟੈਂਕਰ ਡਿਵਾਈਡਰ ਦੇ ਪਾਰ ਦੂਜੀ ਲੇਨ ਤੋਂ ਲੰਘ ਰਹੀ ਮਾਰੂਤੀ ਆਲਟੋ ਕਾਰ ਨਾਲ ਜਾ ਟਕਰਾਇਆ ਅਤੇ ਪਲਟ ਗਿਆ। ਇਸ ਕਾਰਨ ਹਸੀਨਾ (35) ਪਤਨੀ ਹਨੀਫ, ਇਜ਼ਰਾਈਲ (20) ਪੁੱਤਰ ਹਨੀਫ, ਫਰਜ਼ਾਨਾ (20) ਪਤਨੀ ਇਜ਼ਰਾਈਲ, ਮੁਰਾਦ (12), ਰੋਹਿਨਾ (8) ਪੁੱਤਰੀ ਹਨੀਫ, ਸੇਰਨ ਅਤੇ ਸੋਨੂੰ (14) ਪੁੱਤਰ ਸਲੀਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕਾਰ ਨੂੰ ਹਨੀਫ ਦਾ ਜਵਾਈ ਸ਼ਕੀਲ (30) ਪੁੱਤਰ ਤੌਕੀਫ ਚਲਾ ਰਿਹਾ ਸੀ। ਸ਼ਕੀਲ ਨੂੰ ਜੈਪੁਰ ਦੇ ਐਸਐਮਐਸ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਉਹ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਇਸ ਦੌਰਾਨ ਟੈਂਕਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਵੀ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਣ 'ਤੇ ਥਾਣਾ ਡੱਡੂ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਕਰੇਨ ਦੀ ਮਦਦ ਨਾਲ ਹਾਈਵੇ 'ਤੇ ਪਲਟ ਰਹੇ ਟੈਂਕਰ ਅਤੇ ਕਾਰ ਦੇ ਮਲਬੇ ਨੂੰ ਹਟਾਇਆ। ਹਾਦਸੇ 'ਚ ਜਾਨ ਗਵਾਉਣ ਵਾਲੇ ਸਾਰੇ ਅੱਠ ਲੋਕਾਂ ਦੀਆਂ ਲਾਸ਼ਾਂ ਨੂੰ ਡੱਡੂ ਦੇ ਉਪ-ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ।